T20 World Cup Squad: ਕੈਨੇਡਾ ਨੇ ਟੀ-20 ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਨੇ ਆਪਣਾ ਪਹਿਲਾ ਟੀ-20 ਵਿਸ਼ਵ ਕੱਪ 2024 ਵਿੱਚ ਖੇਡਿਆ ਸੀ ਅਤੇ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ। ਦਿਲਪ੍ਰੀਤ ਬਾਜਵਾ, ਜੋ ਕਿ ਭਾਰਤ ਵਿੱਚ ਜੰਮਿਆ ਅਤੇ ਵੱਡਾ ਹੋਇਆ ਹੈ, ਕੈਨੇਡੀਅਨ ਟੀਮ ਦੀ ਕਪਤਾਨੀ ਕਰ ਰਿਹਾ ਹੈ। ਇਸ ਟੀਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੀ ਕਮਾਨ ਭਾਰਤੀ ਮੂਲ ਦੇ ਮਹਿਜ਼ 22 ਸਾਲਾ ਖਿਡਾਰੀ ਦਿਲਪ੍ਰੀਤ ਬਾਜਵਾ ਨੂੰ ਸੌਂਪੀ ਗਈ ਹੈ।
ਪੰਜਾਬ ਦੇ ਗੁਰਦਾਸਪੁਰ ਤੋਂ ਦਿਲਪ੍ਰੀਤ ਬਾਜਵਾ
ਦੱਸ ਦੇਈਏ ਕਿ ਦਿਲਪ੍ਰੀਤ ਦਾ ਜਨਮ ਭਾਰਤੀ ਪੰਜਾਬ ਦੇ ਗੁਰਦਾਸਪੁਰ ਵਿੱਚ ਹੋਇਆ। ਉਸਨੇ ਆਪਣੀ ਪੜ੍ਹਾਈ ਧਾਰੀਵਾਲ ਦੇ ਗੁਰੂ ਅਰਜੁਨ ਦੇਵ ਸੀਨੀਅਰ ਸੈਕੰਡਰੀ ਸਕੂਲ ਤੋਂ ਪੂਰੀ ਕੀਤੀ। ਉਸਦੇ ਪਿਤਾ, ਹਰਪ੍ਰੀਤ ਸਿੰਘ, ਖੇਤੀਬਾੜੀ ਵਿਭਾਗ ਵਿੱਚ ਨੌਕਰੀ ਕਰਦੇ ਸਨ, ਜਦੋਂ ਕਿ ਉਸਦੀ ਮਾਂ, ਹਰਲੀਨ ਕੌਰ, ਇੱਕ ਸਰਕਾਰੀ ਅਧਿਆਪਕਾ ਵਜੋਂ ਸੇਵਾ ਨਿਭਾਉਂਦੇ ਸਨ। 2020 ਵਿੱਚ, ਉਹ ਰਾਜ ਟੀਮ ਦੁਆਰਾ ਚੁਣੇ ਜਾਣ ਵਿੱਚ ਅਸਫਲ ਰਹਿਣ ਕਾਰਨ ਕੈਨੇਡਾ ਚਲਾ ਗਿਆ।
ਇਸ ਵਾਰ ਵਿਸ਼ਵ ਕੱਪ ਵਿੱਚ ਕੁੱਲ 20 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਕੈਨੇਡਾ ਵੱਲੋਂ ਚੁਣੀ ਗਈ 15 ਮੈਂਬਰੀ ਟੀਮ ਵਿੱਚ ਭਾਰਤੀ ਮੂਲ ਦੇ ਖਿਡਾਰੀਆਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਕਪਤਾਨ ਦਿਲਪ੍ਰੀਤ ਬਾਜਵਾ ਤੋਂ ਇਲਾਵਾ ਅਜੈਵੀਰ ਹੁੰਦਲ, ਅੰਸ਼ ਪਟੇਲ, ਰਵਿੰਦਰਪਾਲ ਸਿੰਘ, ਸ਼ਿਵਮ ਸ਼ਰਮਾ, ਸ਼੍ਰੇਅਸ ਮੋਵਵਾ ਅਤੇ ਯੁਵਰਾਜ ਸਮਰਾ ਵਰਗੇ ਨਾਮ ਸ਼ਾਮਲ ਹਨ।
T20 WC 2026 ਲਈ ਕੈਨੇਡਾ ਦੀ ਟੀਮ
ਦਿਲਪ੍ਰੀਤ ਬਾਜਵਾ (ਕਪਤਾਨ), ਅਜੈਵੀਰ ਹੁੰਦਲ, ਅੰਸ਼ ਪਟੇਲ, ਦਿਲਨ ਹੇਲਾਈਗਰ, ਹਰਸ਼ ਠਾਕਰ, ਜਸਕਰਨਦੀਪ ਬੁੱਟਰ, ਕਲੀਮ ਸਨਾ, ਕੰਵਰਪਾਲ ਤਾਥਗੁਰ, ਨਵਨੀਤ ਧਾਲੀਵਾਲ, ਨਿਕੋਲਸ ਕਿਰਟਨ, ਰਵਿੰਦਰਪਾਲ ਸਿੰਘ, ਸਾਦ ਬਿਨ ਜ਼ਫਰ, ਸ਼ਿਵਮ ਸ਼ਰਮਾ, ਸ਼੍ਰੇਅਸ ਮੋਵਵਾ ਅਤੇ ਯੁਵਰਾਜ ਸਮਰਾ।
ਕੈਨੇਡਾ ਨੂੰ ਗਰੁੱਪ-ਏ ਵਿੱਚ ਰੱਖਿਆ ਗਿਆ ਹੈ, ਜਿੱਥੇ ਉਸ ਦਾ ਸਾਹਮਣਾ ਦੱਖਣੀ ਅਫਰੀਕਾ, ਨਿਊਜ਼ੀਲੈਂਡ, ਅਫਗਾਨਿਸਤਾਨ ਅਤੇ ਯੂਏਈ ਵਰਗੀਆਂ ਟੀਮਾਂ ਨਾਲ ਹੋਵੇਗਾ। ਕੈਨੇਡਾ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ 9 ਫਰਵਰੀ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਵਿਰੁੱਧ ਕਰੇਗਾ. ਇਸ ਤੋਂ ਬਾਅਦ 13 ਫਰਵਰੀ ਨੂੰ ਦਿੱਲੀ ਵਿੱਚ ਯੂਏਈ ਨਾਲ, ਅਤੇ 17 ਤੇ 19 ਫਰਵਰੀ ਨੂੰ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਕ੍ਰਮਵਾਰ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਵਿਰੁੱਧ ਮੈਚ ਖੇਡੇ ਜਾਣਗੇ।
ਹੋਰ ਪੜ੍ਹੋ