ਟੀ20 ਵਰਲਡ ਕੱਪ 2026 ਤੋਂ ਪਹਿਲਾਂ ਭਾਰਤ-ਪਾਕਿਸਤਾਨ ਕ੍ਰਿਕਟ ਨੂੰ ਲੈ ਕੇ ਇੱਕ ਵਾਰੀ ਫਿਰ ਵੱਡਾ ਵਿਵਾਦ ਖੜਾ ਹੋ ਗਿਆ ਹੈ। ਟੂਰਨਾਮੈਂਟ 7 ਫਰਵਰੀ ਤੋਂ ਭਾਰਤ ਅਤੇ ਸ਼੍ਰੀਲੰਕਾ ਵਿੱਚ ਖੇਡਿਆ ਜਾਣਾ ਹੈ ਅਤੇ ਪਾਕਿਸਤਾਨ ਨੂੰ ਇਸ ਵਿੱਚ ਹਿੱਸਾ ਲੈਣ ਦੀ ਅਧਿਕਾਰਿਕ ਮਨਜ਼ੂਰੀ ਮਿਲ ਚੁੱਕੀ ਹੈ। ਹਾਲਾਂਕਿ ਇਸ ਮਨਜ਼ੂਰੀ ਦੇ ਨਾਲ ਇੱਕ ਅਜਿਹਾ ਫੈਸਲਾ ਜੁੜਿਆ ਹੈ, ਜਿਸਨੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਪਾਕਿਸਤਾਨ ਨੇ ਭਾਰਤ ਦੇ ਖਿਲਾਫ ਹੋਣ ਵਾਲੇ ਗਰੁੱਪ ਸਟੇਜ ਮੈਚ ਤੋਂ ਦੂਰੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ।
ਬਿਨਾਂ ਖੇਡੇ ਭਾਰਤ ਨੂੰ ਮਿਲਣਗੇ ਦੋ ਅੰਕ
ਪਾਕਿਸਤਾਨ ਸਰਕਾਰ ਦੇ ਫੈਸਲੇ ਮੁਤਾਬਕ, 15 ਫਰਵਰੀ ਨੂੰ ਕੋਲੰਬੋ ਵਿੱਚ ਹੋਣ ਵਾਲਾ ਭਾਰਤ-ਪਾਕਿਸਤਾਨ ਗਰੁੱਪ ਮੈਚ ਨਹੀਂ ਖੇਡਿਆ ਜਾਵੇਗਾ। ਇਸਦਾ ਸਿੱਧਾ ਮਤਲਬ ਹੈ ਕਿ ਭਾਰਤ ਨੂੰ ਵਾਕਓਵਰ ਰਾਹੀਂ ਦੋ ਅੰਕ ਮਿਲਣਗੇ। ਟੀ20 ਵਰਗੇ ਛੋਟੇ ਟੂਰਨਾਮੈਂਟ ਵਿੱਚ ਇਹ ਦੋ ਅੰਕ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਦੂਜੇ ਪਾਸੇ, ਪਾਕਿਸਤਾਨ ਲਈ ਇਹ ਫੈਸਲਾ ਅੱਗੇ ਦੀ ਰਾਹ ਨੂੰ ਹੋਰ ਮੁਸ਼ਕਲ ਬਣਾ ਸਕਦਾ ਹੈ।
BREAKING: The government of Pakistan has said that Pakistan will boycott their T20 World Cup match against India pic.twitter.com/ESu4llHICV
— ESPNcricinfo (@ESPNcricinfo) February 1, 2026
ਇਹ ਵੱਡਾ ਫੈਸਲਾ ਕਿਉਂ ਲਿਆ ਗਿਆ?
ਇਸ ਸਾਰੇ ਵਿਵਾਦ ਦੀ ਜੜ ਸੁਰੱਖਿਆ ਅਤੇ ਰਾਜਨੀਤਿਕ ਸਹਿਮਤੀ ਨਾਲ ਜੁੜੀ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੂੰ ਲੈ ਕੇ ਹੋਏ ਵਿਵਾਦ ਅਤੇ ਆਈਸੀਆਈਸੀ ‘ਤੇ ਲਗਾਏ ਗਏ ਦੁਹਰੇ ਮਿਆਰ ਦੇ ਦੋਸ਼ਾਂ ਤੋਂ ਬਾਅਦ ਪਾਕਿਸਤਾਨ ਨੇ ਇਹ ਫੈਸਲਾ ਲਿਆ। ਪਿਛਲੇ ਸਾਲ ਹੋਏ ਸਮਝੌਤੇ ਅਨੁਸਾਰ, ਭਾਰਤ ਅਤੇ ਪਾਕਿਸਤਾਨ ਵਿਚ ਇਹ ਸਹਿਮਤੀ ਬਣੀ ਸੀ ਕਿ ਆਈਸੀਆਈਸੀ ਟੂਰਨਾਮੈਂਟ ਦੌਰਾਨ ਦੋਹਾਂ ਟੀਮਾਂ ਸੁਰੱਖਿਆ ਅਤੇ ਰਾਜਨੀਤਿਕ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਇਕ ਦੂਜੇ ਦੇ ਦੇਸ਼ ਦਾ ਦੌਰਾ ਨਹੀਂ ਕਰਨਗੀਆਂ ਅਤੇ ਮੁਕਾਬਲੇ ਨਿਊਟਰਲ ਵੇਨਿਊ ‘ਤੇ ਹੋਣਗੇ।
ਇਸ ਸੰਦਰਭ ਵਿੱਚ, ਪੀਸੀਬੀ ਚੀਫ਼ ਮੋਹਸਿਨ ਨਕਵੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਵਿਚਕਾਰ ਹੋਈ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਪਾਕਿਸਤਾਨ ਲਈ ਅੱਗੇ ਦਾ ਰਸਤਾ ਬਹੁਤ ਮੁਸ਼ਕਲ
ਗਰੁੱਪ ਸਟੇਜ ਵਿੱਚ ਭਾਰਤ ਦੇ ਖਿਲਾਫ ਮੈਚ ਨਾ ਖੇਡਣ ਦਾ ਪ੍ਰਭਾਵ ਪਾਕਿਸਤਾਨ ਦੀਆਂ ਕਵਾਲੀਫਿਕੇਸ਼ਨ ਦੀਆਂ ਉਮੀਦਾਂ ‘ਤੇ ਵੀ ਪਵੇਗਾ। ਗਰੁੱਪ ਤੋਂ ਸਿਰਫ਼ ਟਾਪ ਤਿੰਨ ਟੀਮਾਂ ਅੱਗੇ ਜਾਣਗੀਆਂ। ਇਸ ਲਈ ਪਾਕਿਸਤਾਨ ਨੂੰ ਅਮਰੀਕਾ, ਨੀਦਰਲੈਂਡ ਅਤੇ ਨਮੀਬੀਆ ਦੇ ਖਿਲਾਫ ਆਪਣੇ ਸਾਰੇ ਮੁਕਾਬਲੇ ਜਿੱਤਣੇ ਪੈਣਗੇ। ਸਿਰਫ਼ ਜਿੱਤ ਹੀ ਨਹੀਂ, ਬਲਕਿ ਨੈੱਟ ਰਨ ਰੇਟ ਵੀ ਉਨ੍ਹਾਂ ਲਈ ਵੱਡੀ ਚੁਣੌਤੀ ਬਣੇਗੀ। ਵਰਖਾ ਜਾਂ ਕਿਸੇ ਇੱਕ ਮਾੜੇ ਪ੍ਰਦਰਸ਼ਨ ਨਾਲ ਉਨ੍ਹਾਂ ਦਾ ਖੇਡ ਪ੍ਰਭਾਵਿਤ ਹੋ ਸਕਦਾ ਹੈ।
ਨੌਕਆਉਟ ਵਿੱਚ ਟਕਰਾਅ ਹੋਇਆ ਤਾਂ ਕੀ ਹੋਵੇਗਾ?
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਭਾਰਤ ਅਤੇ ਪਾਕਿਸਤਾਨ ਨੌਕਆਉਟ ਮੁਕਾਬਲਿਆਂ ਵਿੱਚ ਆਹਮਣੇ-ਸਾਹਮਣੇ ਆ ਗਏ ਤਾਂ ਕੀ ਹੋਵੇਗਾ? ਇਸ ਬਾਰੇ ਹੁਣ ਤੱਕ ਪੀਸੀਬੀ ਜਾਂ ਆਈਸੀਸੀ ਵੱਲੋਂ ਕੋਈ ਸਪਸ਼ਟ ਜਵਾਬ ਨਹੀਂ ਆਇਆ। ਸੈਮੀਫਾਈਨਲ ਜਾਂ ਫਾਈਨਲ ਵਿੱਚ ਭਾਰਤ-ਪਾਕਿਸਤਾਨ ਮੁਕਾਬਲਾ ਆਈਸੀਸੀ ਲਈ ਸਭ ਤੋਂ ਵੱਡਾ ਆਕਰਸ਼ਣ ਹੁੰਦਾ ਹੈ। ਅਜਿਹੇ ਮੈਚ ਨਾਲ ਕਰੋੜਾਂ ਦੀ ਬ੍ਰਾਡਕਾਸਟਿੰਗ ਕਮਾਈ ਜੁੜੀ ਹੁੰਦੀ ਹੈ।
ਜੇ ਪਾਕਿਸਤਾਨ ਨੌਕਆਉਟ ਵਿੱਚ ਵੀ ਮੈਚ ਖੇਡਣ ਤੋਂ ਇਨਕਾਰ ਕਰਦਾ ਹੈ, ਤਾਂ ਇਹ ਸਿਰਫ਼ ਇੱਕ ਟੀਮ ਦਾ ਫੈਸਲਾ ਨਹੀਂ ਰਹੇਗਾ, ਬਲਕਿ ਟੂਰਨਾਮੈਂਟ ਦੀ ਸਾਖ ਅਤੇ ਆਈਸੀਸੀ ਦੀ ਵਿਸ਼ਵਸਨੀਯਤਾ ‘ਤੇ ਵੀ ਸਵਾਲ ਉੱਠਣਗੇ। ਸਾਫ਼ ਹੈ ਕਿ ਭਾਰਤ-ਪਾਕਿਸਤਾਨ ਮੁਕਾਬਲੇ ਦੀ ਅਸਲੀ ਤਸਵੀਰ ਹੁਣ ਤੱਕ ਸਾਹਮਣੇ ਆਉਣੀ ਬਾਕੀ ਹੈ, ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮਸਲਾ ਹੋਰ ਵੱਡਾ ਰੂਪ ਲੈ ਸਕਦਾ ਹੈ।
ਹੋਰ ਪੜ੍ਹੋ