T20 Series Team Announce: ਟੀ-20 ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਸ ਦੀ ਖੁਸ਼ੀ ਹਾਲੇ ਤੱਕ ਭਾਰਤੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵਿਚਾਲੇ ਮਨਾਈ ਜਾ ਰਹੀ ਹੈ। ਦੱਸ ਦੇਈਏ ਕਿ ਟੀਮ ਇੰਡੀਆ ਵੱਲੋਂ ਮਿਲੀ ਹਾਰ ਤੋਂ ਇੱਕ ਹਫ਼ਤੇ ਬਾਅਦ ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਹੋਣ ਵਾਲੀ ਘਰੇਲੂ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਨਿਊਜ਼ੀਲੈਂਡ ਕ੍ਰਿਕਟ (NZC) ਨੇ 15 ਮਾਰਚ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਇਸ ਸੀਰੀਜ਼ ਲਈ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ ਅਤੇ ਦੂਜੀ ਕਤਾਰ ਦੇ ਨੌਜਵਾਨ ਖਿਡਾਰੀਆਂ ‘ਤੇ ਭਰੋਸਾ ਜਤਾਇਆ ਹੈ।
ਜਾਣੋ ਕਿਸਨੂੰ ਮਿਲੀ ਸਾਂਝੀ ਕਪਤਾਨੀ ਦੀ ਜ਼ਿੰਮੇਵਾਰੀ ?
ਇਸ ਸੀਰੀਜ਼ ਵਿੱਚ ਕਪਤਾਨੀ ਦੀ ਜ਼ਿੰਮੇਵਾਰੀ ਦੋ ਵੱਖ-ਵੱਖ ਖਿਡਾਰੀਆਂ ਨੂੰ ਦਿੱਤੀ ਗਈ ਹੈ। ਵਿਸ਼ਵ ਕੱਪ ਦੌਰਾਨ ਟੀਮ ਦੀ ਅਗਵਾਈ ਕਰਨ ਵਾਲੇ ਮਿਚੇਲ ਸੈਂਟਨਰ ਪਹਿਲੇ ਤਿੰਨ ਟੀ-20 ਮੈਚਾਂ ਵਿੱਚ ਕਪਤਾਨ ਰਹਿਣਗੇ। ਇਸ ਤੋਂ ਬਾਅਦ ਆਖਰੀ ਦੋ ਮੈਚਾਂ ਲਈ ਟੌਮ ਲੈਥਮ ਨੂੰ ਕਮਾਨ ਸੌਂਪੀ ਗਈ ਹੈ।
ਇਸ ਸਟਾਰ ਖਿਡਾਰੀ ਦੀ ਹੋਈ ਵਾਪਸੀ
ਇਸਦੇ ਨਾਲ ਹੀ ਦੱਸ ਦੇਈਏ ਕਿ ਨਿਊਜ਼ੀਲੈਂਡ ਨੇ ਨਵੇਂ ਵਿਸ਼ਵ ਕੱਪ ਚੱਕਰ (Cycle) ਦੀ ਸ਼ੁਰੂਆਤ ਕਰਦਿਆਂ ਤਿੰਨ ਨਵੇਂ ਖਿਡਾਰੀਆਂ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ ਹੈ, ਜਿਨ੍ਹਾਂ ਵਿੱਚ ਕਟੇਨੇ ਕਲਾਰਕ, ਨਿਕ ਕੈਲੀ ਅਤੇ ਜੇਡਨ ਲੈਨੋਕਸ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਸਾਬਕਾ ਕਪਤਾਨ ਕੇਨ ਵਿਲੀਅਮਸਨ ਦੇ ਕਜ਼ਨ ਅਤੇ ਵਿਕਟਕੀਪਰ ਬੱਲੇਬਾਜ਼ ਡੇਨ ਕਲੇਵਰ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ, ਜੋ ਸੀਰੀਜ਼ ਦੇ ਆਖਰੀ ਦੋ ਮੈਚਾਂ ਵਿੱਚ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ।
IPL 2026 ਕਾਰਨ ਇਨ੍ਹਾਂ ਧਾਕੜ ਖਿਡਾਰੀਆਂ ਨੂੰ ਮਿਲਿਆ ਅਰਾਮ
ਇਸਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਲਗਾਤਾਰ ਖੇਡੀ ਜਾ ਰਹੀ ਕ੍ਰਿਕਟ ਅਤੇ ਜਲਦ ਸ਼ੁਰੂ ਹੋਣ ਵਾਲੇ ਆਈਪੀਐਲ 2026 ਨੂੰ ਧਿਆਨ ਵਿੱਚ ਰੱਖਦਿਆਂ ਨਿਊਜ਼ੀਲੈਂਡ ਨੇ ਆਪਣੇ ਕਈ ਸਟਾਰ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ। ਇਹਨਾਂ ਖਿਡਾਰੀਆਂ ਵਿੱਚ ਰਚਿਨ ਰਵਿੰਦਰਾ, ਫਿਨ ਐਲਨ, ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਮਾਰਕ ਚੈਪਮੈਨ ਅਤੇ ਮੈਟ ਹੈਨਰੀ ਵਰਗੇ ਨਾਮ ਸ਼ਾਮਲ ਹਨ।
ਨੌਜਵਾਨਾਂ ਖਿਡਾਰੀਆਂ ਕੋਲ ਖੁਦ ਨੂੰ ਸਾਬਤ ਕਰਨ ਦਾ ਮੌਕਾ
ਟੀਮ ਦੇ ਮੁੱਖ ਚੋਣਕਾਰ ਗੈਵਿਨ ਲਾਰਸਨ ਅਨੁਸਾਰ, ਇਹ ਚੋਣ ਨੌਜਵਾਨ ਖਿਡਾਰੀਆਂ ਨੂੰ ਆਪਣੀ ਜਗ੍ਹਾ ਪੱਕੀ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਮੱਧਕ੍ਰਮ ਵਿੱਚ ਬੇਵਨ ਜੈਕਬਸ ਵਰਗੇ ਖਿਡਾਰੀਆਂ ‘ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ, ਜਿਨ੍ਹਾਂ ਨੇ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਹੋਰ ਪੜ੍ਹੋ