Sidhu Moose Wala Father: ਸਿੱਧੂ ਮੂਸੇਵਾਲਾ ਦੇ ਪਿਤਾ ਦਾ ਜ਼ਮੀਨ ਨੂੰ ਲੈ ਕੇ ਪਿਆ ਰੌਲਾ, ਸਾਬਕਾ ਸਰਪੰਚ ਨਾਲ ਹੋਈ ਤਕਰਾਰ; ਬਲਕੌਰ ਸਿੰਘ ਖੁਲਾਸਾ ਕਰ ਬੋਲੇ- ਦੋਵਾਂ ਪੱਖਾਂ ਨੂੰ ਜਾਣੇ ਬਿਨਾਂ… 

0
47


Balkaur Singh Land Dispute: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮਾਨਸਾ ਦੇ ਸਾਬਕਾ ਸਰਪੰਚ ‘ਤੇ ਗੁੱਸੇ ਵਿੱਚ ਖੂਬ ਵਰ੍ਹੇ। ਜ਼ਮੀਨ ਹੜੱਪਣ ਦੀ ਵਾਇਰਲ ਵੀਡੀਓ ਤੋਂ ਬਾਅਦ ਬਲਕੌਰ ਸਿੰਘ ਨੇ ਕਿਹਾ ਕਿ ਜਿਸ ਅੱਧਾ ਕਿਲ੍ਹਾ ਜ਼ਮੀਨ ਨੂੰ ਲੈ ਕੇ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ, ਉਹ ਉਨ੍ਹਾਂ ਨੇ ਕਾਨੂੰਨੀ ਪ੍ਰਕਿਰਿਆ ਦੇ ਨਾਲ ਖਰੀਦੀ ਸੀ। ਉਨ੍ਹਾਂ ਕੋਲ ਜ਼ਮੀਨ ਦੀ ਰਜਿਸਟਰੀ, ਇੰਤਕਾਲ ਅਤੇ ਹੋਰ ਸਾਰੇ ਜ਼ਰੂਰੀ ਦਸਤਾਵੇਜ਼ ਹਨ।

ਵਾਇਰਲ ਵੀਡੀਓ ਨੂੰ ਲੈ ਕੇ ਬਲਕੌਰ ਸਿੰਘ ਨੇ ਕੀਤਾ ਖੁਲਾਸਾ

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦਾ ਪੱਖ ਜਾਣੇ ਬਿਨਾਂ ਸੋਸ਼ਲ ਮੀਡੀਆ ‘ਤੇ ਕੁੱਝ ਅਜਿਹੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜੋ ਸਾਡੇ ਅਕਸ ਨੂੰ ਢਾਹ ਲਗਾ ਰਹੀਆਂ ਹਨ। ਇਸ ਗੱਲ ਤੋਂ ਉਹ ਕਾਫੀ ਹਤਾਸ਼ ਵੀ ਹਨ। ਉਨ੍ਹਾਂ ਅੱਗੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਜ਼ਮੀਨ ਨਾਲ ਜੁੜੇ ਦੋਵੇਂ ਕੇਸ ਬਿਲਕੁਲ ਲੀਗਲ (ਕਾਨੂੰਨੀ) ਹਨ। ਉਨ੍ਹਾਂ ਦੱਸਿਆ ਕਿ ਰਜਿਸਟਰੀ, ਇੰਤਕਾਲ ਅਤੇ ਕਬਜ਼ਾ ਕਾਰਵਾਈ ਵਰਗੀਆਂ ਸਾਰੀਆਂ ਚੀਜ਼ਾਂ ਅਦਾਲਤੀ ਪ੍ਰਕਿਰਿਆ ਤਹਿਤ ਮੁਕੰਮਲ ਹੋਈਆਂ ਹਨ। ਉਨ੍ਹਾਂ ਅਨੁਸਾਰ ਇਹ ਮਾਮਲਾ ਫਿਲਹਾਲ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਅਗਲੇ 10 ਤੋਂ 20 ਦਿਨਾਂ ਦੇ ਅੰਦਰ ਇਸ ਦਾ ਫੈਸਲਾ ਆਉਣ ਦੀ ਉਮੀਦ ਹੈ।
 
ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ

ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਰਗਰਮ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਦੋਵਾਂ ਪੱਖਾਂ ਨੂੰ ਜਾਣੇ ਬਿਨਾਂ ਕਿਸੇ ਨੂੰ ਬਦਨਾਮ ਨਾ ਕੀਤਾ ਜਾਵੇ। ਖੇਤ ਵਿੱਚ ਹੋਈ ਘਟਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਹ ਖੇਤ ਗਏ ਸਨ ਅਤੇ ਉੱਥੇ ਮੌਜੂਦ ਇੱਕ ਮਹਿਲਾ ਨੇ ਉਨ੍ਹਾਂ ਨੂੰ ਪਾਣੀ ਲਾਉਣ ਤੋਂ ਰੋਕਿਆ, ਤਾਂ ਉਹ ਤੁਰੰਤ ਰੁਕ ਗਏ ਸਨ ਅਤੇ ਉਨ੍ਹਾਂ ਨੇ ਉਸ ਮਹਿਲਾ ਨਾਲ ਕੋਈ ਗਲਤ ਵਤੀਰਾ ਨਹੀਂ ਕੀਤਾ। ਭਾਵੁਕ ਹੁੰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਦੇ ਇਕੱਲੇ ਹੋਣ ਦਾ ਫਾਇਦਾ ਉਠਾ ਰਹੇ ਹਨ ਅਤੇ ਪਹਿਲਾਂ ਹੋਈਆਂ ਨਿਸ਼ਾਨਦੇਹੀਆਂ ਅਤੇ ਵੱਟਾਂ ਨੂੰ ਵੀ ਢਾਹ ਰਹੇ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਦੇ ਵੀ ਅਜਿਹੀ ਹਰਕਤ ਨਹੀਂ ਕਰਨਗੇ ਜਿਸ ਨਾਲ ਉਨ੍ਹਾਂ ਦੇ ਪੁੱਤ ਦੀ ਜਾਂ ਉਨ੍ਹਾਂ ਦੀ ਆਪਣੀ ਲੈਗੇਸੀ (ਵਿਰਾਸਤ) ਨੂੰ ਕੋਈ ਨੁਕਸਾਨ ਪਹੁੰਚੇ।

ਬਲਕੌਰ ਸਿੰਘ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਕਿਸੇ ਨਾਲ ਠੱਗੀ ਮਾਰੀ ਹੁੰਦੀ, ਤਾਂ ਪੁਲਿਸ ਜਾਂ ਡੀਸੀ ਦਫ਼ਤਰ ਵਿੱਚ ਉਨ੍ਹਾਂ ਖ਼ਿਲਾਫ਼ ਕੋਈ ਸ਼ਿਕਾਇਤ ਜ਼ਰੂਰ ਹੁੰਦੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਜਥੇਬੰਦੀ ਦੇ ਦਬਾਅ ਹੇਠ ਆ ਕੇ ਕੋਈ ਗਲਤ ਫੈਸਲਾ ਜਾਂ ਸਮਝੌਤਾ ਨਹੀਂ ਕਰਨਗੇ, ਕਿਉਂਕਿ ਉਹ ਸੱਚ ਦੇ ਰਾਹ ‘ਤੇ ਹਨ। ਉਨ੍ਹਾਂ ਅਖੀਰ ਵਿੱਚ ਕਿਹਾ, “ਮੈਂ ਸਰਦਾਰ ਕਾਕੂ ਸਿੰਘ ਦਾ ਪੁੱਤ ਹਾਂ ਅਤੇ ਦਬਣ ਵਾਲਿਆਂ ਵਿੱਚੋਂ ਨਹੀਂ ਹਾਂ”।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link