RBI ਦਾ ਵੱਡਾ ਫੈਸਲਾ : 1 ਅਕਤੂਬਰ ਤੋਂ ਬਦਲਣ ਜਾ ਰਹੇ ਹਨ FD ਦੇ ਨਿਯਮ, ਬੈਂਕਾਂ ਦੀ ਮਨਮਾਨੀ 'ਤੇ ਲੱਗੇਗੀ ਰੋਕ

Must read


Reserve Bank of India : ਭਾਰਤੀ ਰਿਜ਼ਰਵ ਬੈਂਕ (RBI) ਨੇ 1 ਅਕਤੂਬਰ 2026 ਤੋਂ ਫਿਕਸਡ ਡਿਪਾਜ਼ਿਟ (FD) ਅਤੇ ਜਮ੍ਹਾਂ ਰਕਮਾਂ (Deposit Rates) ਨਾਲ ਸੰਬੰਧਿਤ ਨਿਯਮਾਂ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। 30 ਜੁਲਾਈ 2026 ਨੂੰ RBI ਨੇ ‘ਰਿਜ਼ਰਵ ਬੈਂਕ ਆਫ ਇੰਡੀਆ (ਕਮਰਸ਼ੀਅਲ ਬੈਂਕ – ਡਿਪਾਜ਼ਿਟ ‘ਤੇ ਵਿਆਜ ਦਰ) ਦੂਜਾ ਸੋਧ ਨਿਰਦੇਸ਼, 2026’ ਜਾਰੀ ਕੀਤਾ। ਇਸ ਤਹਿਤ ਬੈਂਕਾਂ ਵੱਲੋਂ ਡਿਪਾਜ਼ਿਟ ‘ਤੇ ਵਿਆਜ ਦਰਾਂ ਤੈਅ ਕਰਨ ਅਤੇ ਉਨ੍ਹਾਂ ਦੀ ਜਾਣਕਾਰੀ ਜਨਤਕ ਕਰਨ ਦੇ ਤਰੀਕੇ ਵਿੱਚ ਤਿੰਨ ਅਹਿਮ ਬਦਲਾਅ ਕੀਤੇ ਗਏ ਹਨ। ਇਹ ਨਵੇਂ ਨਿਯਮ 1 ਅਕਤੂਬਰ 2026 ਤੋਂ ਲਾਗੂ ਹੋਣਗੇ।

ਆਮ ਜਮ੍ਹਾਂਕਰਤਾਵਾਂ ਲਈ ਕੀ ਬਦਲੇਗਾ?

ਜੇਕਰ ਤੁਹਾਡੀ FD ਜਾਂ RD ਦੀ ਰਕਮ 3 ਕਰੋੜ ਰੁਪਏ ਤੋਂ ਘੱਟ ਹੈ, ਤਾਂ RBI ਦਾ ਇਹ ਨਵਾਂ ਨਿਯਮ ਤੁਹਾਡੇ ਲਈ ਰਾਹਤ ਵਾਲਾ ਹੈ। ਹੁਣ ਇੱਕੋ ਦਿਨ ਇੱਕੋ ਰਕਮ ਅਤੇ ਇੱਕੋ ਮਿਆਦ ਲਈ ਇੱਕੋ ਬੈਂਕ ਦੀਆਂ ਵੱਖ-ਵੱਖ ਸ਼ਾਖਾਵਾਂ ਵੱਲੋਂ ਵੱਖ-ਵੱਖ ਵਿਆਜ ਦਰਾਂ ਨਹੀਂ ਦਿੱਤੀਆਂ ਜਾ ਸਕਣਗੀਆਂ। ਪਹਿਲਾਂ ਕੁਝ ਬੈਂਕ ਮੁਕਾਬਲੇ ਵਿੱਚ ਬਣੇ ਰਹਿਣ ਲਈ ਆਪਣੀਆਂ ਕੁਝ ਸ਼ਾਖਾਵਾਂ ਵਿੱਚ ਵੱਧ ਵਿਆਜ ਦਰਾਂ ਦੀ ਪੇਸ਼ਕਸ਼ ਕਰਦੇ ਸਨ। ਹੁਣ RBI ਨੇ ਇਸ ਪ੍ਰਥਾ ‘ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਇਹ ਨਿਯਮ ਸਮਾਲ ਫਾਇਨੈਂਸ ਬੈਂਕਾਂ, ਰੀਜਨਲ ਰੂਰਲ ਬੈਂਕਾਂ, ਪੇਮੈਂਟ ਬੈਂਕਾਂ, ਲੋਕਲ ਏਰੀਆ ਬੈਂਕਾਂ ਅਤੇ ਅਰਬਨ ਕੋ-ਆਪਰੇਟਿਵ ਬੈਂਕਾਂ ‘ਤੇ ਵੀ ਲਾਗੂ ਹੋਵੇਗਾ। ਇਸ ਦਾ ਉਦੇਸ਼ ਬੈਂਕਿੰਗ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਇੱਕਸਾਰਤਾ ਲਿਆਉਣਾ ਹੈ।

ਹੁਣ ਵੈੱਬਸਾਈਟ ‘ਤੇ ਹੀ ਮਿਲੇਗੀ ਵਿਆਜ ਦਰ ਦੀ ਜਾਣਕਾਰੀ

RBI ਦੇ ਨਵੇਂ ਨਿਯਮਾਂ ਅਨੁਸਾਰ ਹਰ ਬੈਂਕ ਨੂੰ ਹਰ ਰੋਜ਼ ਸਵੇਰੇ 10 ਵਜੇ ਆਪਣੀਆਂ ਡਿਪਾਜ਼ਿਟ ਵਿਆਜ ਦਰਾਂ ਆਪਣੀ ਵੈੱਬਸਾਈਟ ‘ਤੇ ਜਾਰੀ ਕਰਨੀਆਂ ਹੋਣਗੀਆਂ। ਇਸ ਨਾਲ ਬੈਂਕ ਕਰਮਚਾਰੀ ਗੁਪਤ ਤੌਰ ‘ਤੇ ਵਿਆਜ ਦਰਾਂ ਵਿੱਚ ਮੋਲ-ਤੋਲ ਨਹੀਂ ਕਰ ਸਕਣਗੇ। ਹੁਣ ਬੈਂਕ ਨੂੰ ਉਹੀ ਵਿਆਜ ਦਰ ਦੇਣੀ ਹੋਵੇਗੀ ਜੋ ਉਸ ਦੀ ਵੈੱਬਸਾਈਟ ‘ਤੇ ਦਰਸਾਈ ਗਈ ਹੋਵੇਗੀ।

ਥੋਕ (Bulk) ਡਿਪਾਜ਼ਿਟ ਲਈ ਨਵੇਂ ਨਿਯਮ

RBI ਨੇ 3 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ FD ਨੂੰ ਬਲਕ ਡਿਪਾਜ਼ਿਟ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਆਮ ਤੌਰ ‘ਤੇ ਇਸ ਤਰ੍ਹਾਂ ਦੇ ਬਲਕ ਡਿਪਾਜ਼ਿਟ ਕੰਪਨੀਆਂ, ਵੱਡੇ ਕਾਰੋਬਾਰ, ਟਰੱਸਟਾਂ ਅਤੇ ਉੱਚ ਨੈੱਟਵਰਥ ਵਾਲੇ ਵਿਅਕਤੀਆਂ ਵੱਲੋਂ ਕਰਵਾਏ ਜਾਂਦੇ ਹਨ। ਪਹਿਲਾਂ ਬੈਂਕ ਇਨ੍ਹਾਂ ਗਾਹਕਾਂ ਨਾਲ ਨਿੱਜੀ ਗੱਲਬਾਤ ਰਾਹੀਂ ਵਿਆਜ ਦਰਾਂ ਤੈਅ ਕਰਦੇ ਸਨ ਅਤੇ ਕਈ ਵਾਰ ਕੁਝ ਖਾਸ ਗਾਹਕਾਂ ਨੂੰ ਵਧੀਆ ਡੀਲ ਦਿੱਤੀ ਜਾਂਦੀ ਸੀ।

ਹੁਣ ਇਸ ਪ੍ਰਥਾ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਨਵੇਂ ਨਿਯਮਾਂ ਮੁਤਾਬਕ ਕਮਰਸ਼ੀਅਲ ਅਤੇ ਕੋ-ਆਪਰੇਟਿਵ ਬੈਂਕਾਂ ਨੂੰ ਹਰ ਰੋਜ਼ ਸਵੇਰੇ 10 ਵਜੇ ਬਲਕ ਡਿਪਾਜ਼ਿਟ ਦੀਆਂ ਵਿਆਜ ਦਰਾਂ ਵੀ ਜਨਤਕ ਕਰਣੀਆਂ ਲਾਜ਼ਮੀ ਹੋਣਗੀਆਂ। ਇਸ ਨਾਲ ਵੱਡੇ ਜਮ੍ਹਾਂਕਰਤਾਵਾਂ ਲਈ ਵੀ ਪਾਰਦਰਸ਼ਤਾ ਅਤੇ ਨਿਰਪੱਖਤਾ ਯਕੀਨੀ ਬਣੇਗੀ।



News Source link

- Advertisement -

More articles

- Advertisement -

Latest article