Randhir Singh Death : ਖੇਡ ਜਗਤ ਨੂੰ ਵੱਡਾ ਝਟਕਾ,  ਸਾਬਕਾ ਸ਼ੂਟਰ ਤੇ 5 ਵਾਰ ਦੇ ਓਲੰਪੀਅਨ ਰਾਜਾ ਰਣਧੀਰ ਸਿੰਘ ਦਾ ਦਿਹਾਂਤ, ਕੈਪਟਨ ਅਮਰਿੰਦਰ ਦੇ ਸਨ ਚਚੇਰੇ ਭਰਾ

0
81


Olympian Randhir Singh Death : ਭਾਰਤੀ ਖੇਡ ਜਗਤ ਲਈ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।  ਸਾਬਕਾ ਸਟਾਰ ਸ਼ੂਟਰ, ਵਿਸ਼ਵ ਪ੍ਰਸਿੱਧ ਖੇਡ ਪ੍ਰਸ਼ਾਸਕ, ਅਰਜੁਨ ਐਵਾਰਡੀ ਅਤੇ ਪੰਜ ਵਾਰ ਦੇ ਓਲੰਪੀਅਨ ਰਾਜਾ ਰਣਧੀਰ ਸਿੰਘ ਦਾ ਬੁੱਧਵਾਰ ਸਵੇਰੇ ਨਵੀਂ ਦਿੱਲੀ ਵਿਖੇ ਦਿਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ। ਪਿਛਲੇ ਕੁਝ ਸਮੇਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। 

ਰਾਜਾ ਰਣਧੀਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਨ। ਆਪਣੇ ਚਚੇਰੇ ਭਰਾ ਦੀ ਮੌਤ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿਹਾਂਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁੱਖਭਰੀ ਖ਼ਬਰ ਹੈ ਕਿ ਮੇਰੇ ਭਰਾ ਰਾਜਾ ਰਣਧੀਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਵਾਹਿਗੁਰੂ ਜੀ, ਉਨ੍ਹਾਂ ਦੀ ਵਿਛੜੀ ਆਤਮਾ ਨੂੰ ਸਦੀਵੀਂ ਸ਼ਾਂਤੀ ਦੇਣ।

ਪਰਿਵਾਰ ਅਨੁਸਾਰ ਰਾਜਾ ਰਣਧੀਰ ਸਿੰਘ ਨੂੰ ਕੁਝ ਸਮੇਂ ਪਹਿਲਾਂ ਬ੍ਰੇਨ ਸਟ੍ਰੋਕ ਹੋਇਆ ਸੀ, ਜਿਸ ਤੋਂ ਉਹ ਉੱਭਰ ਨਹੀਂ ਸਕੇ। ਬੁੱਧਵਾਰ ਸਵੇਰੇ ਕਰੀਬ 10:30 ਵਜੇ ਦਿੱਲੀ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪੰਜਾਬ ਸ਼ੂਟਿੰਗ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਬੀਰ ਸਿੰਘ ਸੰਧੂ ਨੇ ਉਨ੍ਹਾਂ ਦੇ ਅਕਾਲ ਚਲਾਣੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਾ ਰਣਧੀਰ ਸਿੰਘ ਦਾ ਜਾਣਾ ਸ਼ੂਟਿੰਗ ਅਤੇ ਓਲੰਪਿਕ ਜਗਤ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਭਲਕੇ ਹਰਿਦੁਆਰ ਵਿਖੇ ਕੀਤਾ ਜਾਵੇਗਾ।

ਰਣਧੀਰ ਦਾ ਸ਼ਾਨਦਾਰ ਖੇਡ ਕਰੀਅਰ  
 
ਰਣਧੀਰ ਦਾ ਨਿਸ਼ਾਨੇਬਾਜ਼ੀ ਵਿੱਚ ਬਹੁਤ ਹੀ ਸ਼ਾਨਦਾਰ ਕਰੀਅਰ ਰਿਹਾ ਹੈ। ਉਹ ਪੰਜ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਸਨ। ਉਹ ਏਸ਼ੀਆਈ ਖੇਡਾਂ ਦੇ ਟ੍ਰੈਪ ਈਵੈਂਟ ਵਿੱਚ ਸੋਨ ਤਗਮਾ (ਗੋਲਡ ਮੈਡਲ) ਜਿੱਤਣ ਵਾਲੇ ਪਹਿਲੇ ਭਾਰਤੀ ਨਿਸ਼ਾਨੇਬਾਜ਼ ਸਨ। ਰਣਧੀਰ ਨੇ 1978 ਬੈਂਕਾਕ ਏਸ਼ੀਆਈ ਖੇਡਾਂ ਵਿਚ ਟ੍ਰੈਪ ਸ਼ੂਟਿੰਗ ਈਵੈਂਟ ਵਿਚ ਸੋਨ ਤਗਮਾ ਜਿੱਤਿਆ ਸੀ। ਉਸ ਨੇ 1982 ਵਿਚ ਭਾਰਤ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ ਕਾਂਸੀ ਅਤੇ 1986 ਵਿਚ ਚਾਂਦੀ ਦਾ ਤਗਮਾ ਵੀ ਜਿੱਤਿਆ ਸੀ। ਰਣਧੀਰ ਨੇ ਭਾਰਤ ਲਈ ਪੰਜ ਉਲੰਪਿਕ ਖੇਡਾਂ ਅਤੇ 1978 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲਿਆ। ਉਸ ਨੂੰ 1979 ਵਿਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਹ ਓਲੰਪਿਕ ਕੌਂਸਲ ਆਫ ਏਸ਼ੀਆ (OCA) ਦੇ ਸਕੱਤਰ ਜਨਰਲ ਰਹੇ ਅਤੇ ਸਾਲ 2024 ਵਿੱਚ ਇਸ ਸੰਸਥਾ ਦੀ ਪ੍ਰਧਾਨਗੀ ਕਰਨ ਵਾਲੇ ਪਹਿਲੇ ਭਾਰਤੀ ਬਣੇ। ਉਨ੍ਹਾਂ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC), ਭਾਰਤੀ ਓਲੰਪਿਕ ਸੰਘ (IOA) ਅਤੇ ਵਿਸ਼ਵ ਐਂਟੀ-ਡੋਪਿੰਗ ਏਜੰਸੀ (WADA) ਵਿੱਚ ਕਈ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ। ਉਹ ਭਾਰਤ ਵਿੱਚ ਹੋਈਆਂ 2010 ਰਾਸ਼ਟਰਮੰਡਲ ਖੇਡਾਂ ਦੇ ਵਾਈਸ ਚੇਅਰਮੈਨ ਵੀ ਸਨ।

ਰਾਜਾ ਰਣਧੀਰ ਸਿੰਘ ਦਾ ਜਨਮ 18 ਅਕਤੂਬਰ, 1946 ਨੂੰ ਪੰਜਾਬ ਦੇ ਪਟਿਆਲਾ ਵਿੱਚ ਇੱਕ ਸ਼ਾਹੀ ਪਰਿਵਾਰ ਵਿੱਚ ਹੋਇਆ ਸੀ। ਰਣਧੀਰ ਦੇ ਪਿੱਛੇ ਉਨ੍ਹਾਂ ਦੀ ਪਤਨੀ ਵਿਨੀਤਾ ਅਤੇ ਤਿੰਨ ਧੀਆਂ (ਮਹਿਮਾ, ਸੁਨੈਨਾ ਅਤੇ ਰਾਜੇਸ਼ਵਰੀ) ਹਨ। ਉਨ੍ਹਾਂ ਦੀ ਧੀ ਰਾਜੇਸ਼ਵਰੀ, ਅੰਤਰਰਾਸ਼ਟਰੀ ਪੱਧਰ ‘ਤੇ ਟ੍ਰੈਪ ਸ਼ੂਟਿੰਗ ਦਾ ਅਭਿਆਸ ਕਰਦੀ ਹੈ। ਰਾਜੇਸ਼ਵਰੀ ਨੇ 2022 ਦੀਆਂ ਏਸ਼ੀਆਈ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। ਰਣਧੀਰ ਦੇ ਪਰਿਵਾਰ ਦੇ ਕਈ ਮੈਂਬਰ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। 

ਹੋਰ ਪੜ੍ਹੋ



News Source link