Rajpura Accident News : ਰਾਜਪੁਰਾ ਨੇੜੇ ਮੰਡੋਲੀ ਪੁਲ ਤੋਂ ਕਰੀਬ ਇੱਕ ਕਿਲੋਮੀਟਰ ਅੱਗੇ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਵੇਰੇ ਤਕਰੀਬਨ 9:30 ਵਜੇ ਇੱਕੋ ਪਰਿਵਾਰ ਦੇ 5 ਜੀਅ ਨਹਿਰ ਵਿੱਚ ਡਿੱਗ ਗਏ। ਇਸ ਹਾਦਸੇ ਦੌਰਾਨ ਪਿੰਡ ਵਾਸੀਆਂ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਪਤੀ-ਪਤਨੀ (ਮਾਤਾ-ਪਿਤਾ) ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਉਨ੍ਹਾਂ ਦੇ ਤਿੰਨ ਮਾਸੂਮ ਬੱਚੇ ਨਹਿਰ ਦੇ ਤੇਜ਼ ਵਹਾਅ ਵਿੱਚ ਡੁੱਬ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਜੀਵ ਗੋਤਾਖੋਰ ਦੀ ਅਗਵਾਈ ਹੇਠ 8-9 ਮੈਂਬਰੀ ਗੋਤਾਖੋਰ ਟੀਮ (ਜਿਸ ਵਿੱਚ ਇਸਲਾਮੂ, ਓਮ ਪ੍ਰਕਾਸ਼ ਚੌਹਾਨ, ਸਾਬਿਰ, ਸੰਦੀਪ, ਸ਼ਾਮ ਯਾਦਵ ਅਤੇ ਭੀਮਾ ਸ਼ਾਮਲ ਸਨ) ਤੁਰੰਤ ਮੌਕੇ ‘ਤੇ ਪਹੁੰਚੀ। ਗੋਤਾਖੋਰਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਮਹਿਜ਼ 25 ਤੋਂ 30 ਮਿੰਟਾਂ ਦੇ ਅੰਦਰ ਹੀ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ। ਮ੍ਰਿਤਕ ਬੱਚਿਆਂ ਦੀ ਪਛਾਣ ਏਕਮ,ਰਾਧਾ ਅਤੇ ਮੁਸਕਾਨ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ ਕ੍ਰਮਵਾਰ 7 ਸਾਲ, 12 ਸਾਲ ਅਤੇ 14 ਸਾਲ ਦੱਸੀ ਜਾ ਰਹੀ ਹੈ। ਇਹ ਪਰਿਵਾਰ ਜ਼ਿਲ੍ਹਾ ਮੋਹਾਲੀ ਦੇ ਪਿੰਡ ਲਾਂਡਰਾਂ ਦੇ ਨੇੜਲੇ ਇਲਾਕੇ (ਪਿੰਡ ਮੌਜਪੁਰ) ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਥਾਣਾ ਗੰਡਾਖੇੜੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਪੀੜਤ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਬਿਨਾਂ ਕਿਸੇ ਲਾਲਚ ਦੇ ਤੁਰੰਤ ਮਦਦ ਕਰਨ ਲਈ ਗੋਤਾਖੋਰ ਰਾਜੀਵ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ