Punjabi Singer Dilpreet Dhillon : ਮੋਹਾਲੀ ਦੇ ਮਟੌਰ ਥਾਣੇ ਵਿੱਚ ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਕੁੱਟਮਾਰ, ਜ਼ਬਰਦਸਤੀ ਬੰਦੀ ਬਣਾਉਣ ਅਤੇ ਹਥਿਆਰ ਦੀ ਵਰਤੋਂ ਕਰਨ ਦੇ ਆਰੋਪਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਮੇਲੋਡੀ ਹਾਊਸ ਮਿਊਜ਼ਿਕ ਕੰਪਨੀ ਦੇ ਸੰਚਾਲਕ ਰੇਅਮੰਤ ਮਰਵਾਹਾ ਦੀ ਸ਼ਿਕਾਇਤ ‘ਤੇ ਕੀਤੀ ਹੈ।
ਸ਼ਿਕਾਇਤਕਰਤਾ ਨੇ ਆਰੋਪ ਲਗਾਇਆ ਕਿ ਟੀ-ਸੀਰੀਜ਼ ਨਾਲ ਗੀਤਾਂ ਦੀ ਡੀਲ ਨਾ ਹੋਣ ਦੀ ਰੰਜਿਸ਼ ਕਾਰਨ ਗਾਇਕ ਨੇ ਉਸ ਨਾਲ ਕੁੱਟਮਾਰ ਕੀਤੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਦਿਲਪ੍ਰੀਤ ਢਿੱਲੋਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਣ ਦੀ ਧਮਕੀ ਦਿੱਤੀ।
ਟੀ-ਸੀਰੀਜ਼ ਨਾਲ ਡੀਲ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ
ਪੁਲਿਸ ਮੁਤਾਬਕ ਇਹ ਘਟਨਾ ਮੋਹਾਲੀ ਦੇ ਸੈਕਟਰ-70 ਸਥਿਤ ਹੋਮਲੈਂਡ ਦੇ ਇੱਕ ਫਲੈਟ ਵਿੱਚ ਵਾਪਰੀ। ਰੇਅਮੰਤ ਮਰਵਾਹਾ ਨੇ ਦੱਸਿਆ ਕਿ ਉਹ ਪਿਛਲੇ ਕਰੀਬ 5 ਸਾਲਾਂ ਤੋਂ ਮੇਲੋਡੀ ਹਾਊਸ ਦੇ ਨਾਮ ਨਾਲ ਮਿਊਜ਼ਿਕ ਕੰਪਨੀ ਚਲਾ ਰਹੇ ਹਨ। ਉਨ੍ਹਾਂ ਦੇ ਅਨੁਸਾਰ ਕਰੀਬ 5-6 ਮਹੀਨੇ ਪਹਿਲਾਂ ਦਿਲਪ੍ਰੀਤ ਢਿੱਲੋਂ ਨੇ ਟੀ-ਸੀਰੀਜ਼ ਨਾਲ ਗੀਤਾਂ ਦੀ ਰਿਕਾਰਡਿੰਗ ਦੀ ਡੀਲ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ।
ਡੀਲ ਨਾ ਹੋਣ ਕਾਰਨ ਵਧੀ ਨਾਰਾਜ਼ਗੀ
ਰੇਅਮੰਤ ਨੇ ਦੱਸਿਆ ਕਿ ਉਨ੍ਹਾਂ ਨੇ ਟੀ-ਸੀਰੀਜ਼ ਦੇ ਅਧਿਕਾਰੀਆਂ ਨਾਲ ਗਾਇਕ ਦੀ ਗੱਲ ਵੀ ਕਰਵਾਈ ਸੀ ਪਰ ਕਿਸੇ ਕਾਰਨ ਇਹ ਡੀਲ ਨਹੀਂ ਹੋ ਸਕੀ। ਸ਼ਿਕਾਇਤਕਰਤਾ ਦਾ ਆਰੋਪ ਹੈ ਕਿ ਇਸੇ ਗੱਲ ਨੂੰ ਲੈ ਕੇ ਦਿਲਪ੍ਰੀਤ ਢਿੱਲੋਂ ਉਨ੍ਹਾਂ ਨਾਲ ਨਾਰਾਜ਼ ਸੀ। 22 ਜੁਲਾਈ ਦੀ ਰਾਤ ਉਹ ਆਪਣੇ ਦੋਸਤ ਗੁਰਪ੍ਰੀਤ ਸਿੰਘ ਦੇ ਸੈਕਟਰ-70 ਸਥਿਤ ਫਲੈਟ ਵਿੱਚ ਮੌਜੂਦ ਸਨ, ਜਿੱਥੇ ਉਨ੍ਹਾਂ ਦਾ ਦੋਸਤ ਯੁਗ ਵੀ ਬੈਠਾ ਹੋਇਆ ਸੀ। ਇਸ ਦੌਰਾਨ ਦਿਲਪ੍ਰੀਤ ਢਿੱਲੋਂ ਉੱਥੇ ਪਹੁੰਚ ਗਿਆ।
“ਮੈਨੂੰ ਪਤਨੀ ਲਈ 1-2 ਕਰੋੜ ਦੀ ਗੱਡੀ ਖਰੀਦਣੀ ਹੈ”
ਸ਼ਿਕਾਇਤ ਮੁਤਾਬਕ ਦਿਲਪ੍ਰੀਤ ਢਿੱਲੋਂ ਨੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਟੀ-ਸੀਰੀਜ਼ ਜਾਂ ਕਿਸੇ ਹੋਰ ਕੰਪਨੀ ਨਾਲ ਉਸਦੀ ਡੀਲ ਕਰਵਾਈ ਜਾਵੇ, ਕਿਉਂਕਿ ਉਸ ਨੂੰ ਆਪਣੀ ਪਤਨੀ ਲਈ 1 ਤੋਂ 2 ਕਰੋੜ ਰੁਪਏ ਦੀ ਗੱਡੀ ਖਰੀਦਣੀ ਹੈ। ਰੇਅਮੰਤ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਆਪਣੀ ਮਜ਼ਬੂਰੀ ਦੱਸੀ ਤਾਂ ਗਾਇਕ ਗੁੱਸੇ ਵਿੱਚ ਆ ਗਿਆ ਅਤੇ ਉਨ੍ਹਾਂ ਨਾਲ ਹੱਥਾਪਾਈ ਕਰਨ ਲੱਗ ਪਿਆ।
ਕਾਲਰ ਫੜ ਕੇ ਦੂਜੇ ਕਮਰੇ ਵਿੱਚ ਲੈ ਗਿਆ, ਜ਼ਮੀਨ ‘ਤੇ ਸੁੱਟ ਕੇ ਕੁੱਟਿਆ
ਸ਼ਿਕਾਇਤਕਰਤਾ ਦਾ ਆਰੋਪ ਹੈ ਕਿ ਜਦੋਂ ਉਹ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਦਿਲਪ੍ਰੀਤ ਢਿੱਲੋਂ ਨੇ ਉਨ੍ਹਾਂ ਦਾ ਕਾਲਰ ਫੜ ਕੇ ਦੂਜੇ ਕਮਰੇ ਵਿੱਚ ਖਿੱਚ ਲਿਆ ਅਤੇ ਜ਼ਮੀਨ ‘ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਪੇਟ, ਪੱਸਲੀਆਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਲੱਤਾਂ ਮਾਰੀਆਂ ਗਈਆਂ। ਉਨ੍ਹਾਂ ਨੇ ਇਹ ਵੀ ਆਰੋਪ ਲਗਾਇਆ ਕਿ ਕੁੱਟਮਾਰ ਤੋਂ ਬਾਅਦ ਦਿਲਪ੍ਰੀਤ ਢਿੱਲੋਂ ਨੇ ਆਪਣੀ ਕਮਰ ਤੋਂ ਪਿਸਤੌਲ ਕੱਢ ਕੇ ਉਨ੍ਹਾਂ ਵੱਲ ਤਾਣ ਦਿੱਤੀ।
ਪਰਿਵਾਰ ਨੂੰ ਜਾਨੋਂ ਮਾਰਣ ਦੀ ਧਮਕੀ ਦੇਣ ਦਾ ਆਰੋਪ
ਰੇਅਮੰਤ ਮਰਵਾਹਾ ਦੇ ਅਨੁਸਾਰ ਗਾਇਕ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਣ ਦੀ ਧਮਕੀ ਦਿੱਤੀ। ਸ਼ੋਰ ਮਚਾਉਣ ਅਤੇ ਵਿਰੋਧ ਕਰਨ ‘ਤੇ ਆਰੋਪੀ ਗਾਲ੍ਹਾਂ ਕੱਢਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਜ਼ਖ਼ਮੀ ਰੇਅਮੰਤ ਮਰਵਾਹਾ ਨੂੰ ਮੋਹਾਲੀ ਦੇ ਫੇਜ਼-6 ਸਥਿਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਲਾਜ ਤੋਂ ਬਾਅਦ ਛੁੱਟੀ ਮਿਲਣ ਉਪਰੰਤ ਉਨ੍ਹਾਂ ਨੇ ਮਟੌਰ ਥਾਣੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਇਨ੍ਹਾਂ ਧਾਰਾਵਾਂ ਤਹਿਤ FIR ਦਰਜ
ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 115(2), 126(2), 351(2) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਮਾਮਲਾ ਦਰਜ ਕੀਤਾ ਹੈ। ਮਟੌਰ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਏਐਸਆਈ ਕੇਵਲ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਆਰੋਪੀ ਗਾਇਕ ਨੂੰ ਜਲਦ ਹੀ ਜਾਂਚ ਵਿੱਚ ਸ਼ਾਮਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।