Punjabi News : ਪੰਜਾਬੀ ਇੰਫਲੂਐਂਸਰ ਮੈਡ ਸੰਧੂ ਦੀ ਹੋਣੀ ਸੀ ‘ਬਿੱਗ ਬੌਸ’ ’ਚ ਐਂਟਰੀ! ਦੋਸਤ ਦਾ ਦਾਅਵਾ- 29 ਅਕਤੂਬਰ ਨੂੰ ਜਾਣਾ ਸੀ

0
6


Mad Sandhu Bigg Boss Entry : ਅੰਮ੍ਰਿਤਸਰ ਵਿੱਚ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦੇ ਕਤਲ ਮਗਰੋਂ ਮਾਮਲੇ ਵਿੱਚ ਇੱਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਮੈਡ ਸੰਧੂ ਦੇ ਦੋਸਤ ਕੁੰਵਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਦੀ ‘ਬਿੱਗ ਬੌਸ’ (Bigg Boss) ਵਿੱਚ ਐਂਟਰੀ ਹੋਣੀ ਸੀ। ਦੋਸਤ ਮੁਤਾਬਕ ਮੈਡ ਸੰਧੂ 29 ਅਕਤੂਬਰ ਨੂੰ ਰਿਐਲਿਟੀ ਸ਼ੋਅ ਵਿੱਚ ਕੰਟੈਸਟੈਂਟ ਵਜੋਂ ਜਾਣ ਵਾਲਾ ਸੀ ਅਤੇ ਇਸ ਸਬੰਧੀ ਕਾਗਜ਼ੀ ਕਾਰਵਾਈ ਤੇ ਜ਼ਰੂਰੀ ਦਸਤਾਵੇਜ਼ਾਂ ’ਤੇ ਦਸਤਖ਼ਤ ਵੀ ਹੋ ਚੁੱਕੇ ਸਨ। ਹਾਲਾਂਕਿ ਉਸ ਨੇ ਇਹ ਗੱਲ ਜਨਤਕ ਨਹੀਂ ਕੀਤੀ ਸੀ।

ਕੁੰਵਰ ਸਿੰਘ ਨੇ ਕਿਹਾ ਕਿ ਮੈਡ ਸੰਧੂ ਨੂੰ ਲੋਕਾਂ ਨੇ ਜਿਸ ਤਰ੍ਹਾਂ ਪੇਸ਼ ਕੀਤਾ, ਉਹ ਅਸਲ ਵਿੱਚ ਅਜਿਹਾ ਨਹੀਂ ਸੀ। ਉਸ ਮੁਤਾਬਕ ਮੈਡ ਸੰਧੂ ਛਬੀਲ ਲਗਾਉਂਦਾ ਸੀ, ਲੰਗਰ ਦੀ ਸੇਵਾ ਕਰਦਾ ਸੀ ਅਤੇ ਹੜ੍ਹਾਂ ਦੌਰਾਨ ਵੀ ਲੋਕਾਂ ਦੀ ਮਦਦ ਲਈ ਸਰਗਰਮ ਰਿਹਾ। 

ਦੂਜੇ ਪਾਸੇ, ਮੈਡ ਸੰਧੂ ਦੇ ਕਤਲ ਮਗਰੋਂ ਇੱਕ ਹੋਰ ਇੰਫਲੂਐਂਸਰ ਅਰੂਪ੍ਰੀਤ (Aruppreet) ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਗੈਂਗਸਟਰ ਲੱਕੀ ਜੌਹਲ ਸਪੇਨ ਨੇ ਮੈਡ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਥਿਤ ਤੌਰ ’ਤੇ ਅਗਲਾ ਨੰਬਰ ਅਰੂਪ੍ਰੀਤ ਦਾ ਦੱਸਿਆ। ਇਸ ਤੋਂ ਬਾਅਦ ਅਰੂਪ੍ਰੀਤ ਨੇ ਆਪਣਾ ਇੰਸਟਾਗ੍ਰਾਮ ਨਾਮ ਬਦਲ ਕੇ ਅਰਸ਼ਦੀਪ ਸਿੰਘ ਕਰ ਲਿਆ ਅਤੇ ਅਕਾਊਂਟ ਪ੍ਰਾਈਵੇਟ ਕਰ ਦਿੱਤਾ।

2 ਗੈਂਗਾਂ ਨੇ ਕਤਲ ਦੀ ਜ਼ਿੰਮੇਵਾਰੀ ਲਈ

ਮੈਡ ਸੰਧੂ ਦੀ ਸ਼ਨੀਵਾਰ ਸ਼ਾਮ ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਮੁਤਾਬਕ ਪੁਲਿਸ ਨੂੰ ਸ਼ੂਟਰਾਂ ਬਾਰੇ ਅਹਿਮ ਸੁਰਾਗ ਮਿਲੇ ਹਨ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਤਲ ਤੋਂ ਪਹਿਲਾਂ ਮੈਡ ਸੰਧੂ ਨੇ ਇੰਸਟਾਗ੍ਰਾਮ ’ਤੇ ਪੰਜਾਬੀ ਗਾਇਕ ਜੀ ਖਾਨ ਦਾ ਗੀਤ ‘ਵੇ ਮੈਨੂੰ ਮਾਹੀ ਮਿਲਾ ਦੇ… ਵੇ ਢੋਲਣਾ…’ ਲਗਾ ਕੇ ਆਪਣੀ ਆਖਰੀ ਰੀਲ ਸਾਂਝੀ ਕੀਤੀ ਸੀ। ਕਤਲ ਦੀ ਜ਼ਿੰਮੇਵਾਰੀ ਲੈਣ ਸਬੰਧੀ ਗੋਲਡੀ ਢਿੱਲੋਂ ਅਤੇ ਲੱਕੀ ਜੌਹਲ ਸਪੇਨ ਦੇ ਨਾਮ ਸਾਹਮਣੇ ਆਏ ਹਨ। ਸੋਸ਼ਲ ਮੀਡੀਆ ’ਤੇ ਕੀਤੀਆਂ ਕਥਿਤ ਪੋਸਟਾਂ ਵਿੱਚ ਮੈਡ ਸੰਧੂ ਦੇ ਕੰਟੈਂਟ ਨੂੰ ਲੈ ਕੇ ਵੀ ਦਾਅਵੇ ਕੀਤੇ ਗਏ ਹਨ।

ਪਿਤਾ ਪੰਜਾਬ ਪੁਲਿਸ ਤੋਂ ਰਿਟਾਇਰਡ SI

ਪੁਲਿਸ ਮੁਤਾਬਕ ਮੈਡ ਸੰਧੂ ਕਾਰ ਵਾਸ਼ ਕਰਵਾਉਣ ਲਈ ਗਿਆ ਸੀ, ਜਿੱਥੇ ਉਸ ’ਤੇ ਹਮਲਾ ਕੀਤਾ ਗਿਆ। ਉਹ ਪੰਜਾਬ ਪੁਲਿਸ ਦੇ ਰਿਟਾਇਰਡ ਸਬ-ਇੰਸਪੈਕਟਰ ਦਾ ਪੁੱਤਰ ਸੀ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਵਿੱਚ ਕਈ ਅਹਿਮ ਸੁਰਾਗ ਮਿਲੇ ਹਨ ਅਤੇ ਹਮਲਾਵਰਾਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਟੀਮਾਂ ਬਣਾਈਆਂ ਗਈਆਂ ਹਨ।

ਬੋਲਡ ਰੀਲਾਂ ਕਾਰਨ ਰਹਿੰਦਾ ਸੀ ਵਿਵਾਦਾਂ ਵਿੱਚ

ਮੈਡ ਸੰਧੂ ਸੋਸ਼ਲ ਮੀਡੀਆ ’ਤੇ ਕਾਫੀ ਮਸ਼ਹੂਰ ਸੀ। ਉਸ ਦੇ ਬੋਲਡ ਅੰਦਾਜ਼ ਵਾਲੇ ਕੰਟੈਂਟ ਨੂੰ ਲੈ ਕੇ ਉਸ ਨੂੰ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਕੁਝ ਲੋਕਾਂ ਵੱਲੋਂ ਉਸ ਦੇ ਕੰਟੈਂਟ ਨੂੰ ਪੰਜਾਬੀ ਸੱਭਿਆਚਾਰ ਅਤੇ ਪਰੰਪਰਾਵਾਂ ਦੇ ਉਲਟ ਦੱਸ ਕੇ ਆਲੋਚਨਾ ਕੀਤੀ ਜਾਂਦੀ ਸੀ। ਇਨ੍ਹਾਂ ਵਿਵਾਦਾਂ ਦੇ ਬਾਵਜੂਦ ਉਹ ਸੋਸ਼ਲ ਮੀਡੀਆ ’ਤੇ ਸਰਗਰਮ ਰਿਹਾ। ਉਸ ਦੀ ਲੋਕਪ੍ਰਿਯਤਾ ਕਾਰਨ ਉਸ ਨੂੰ ਪੰਜਾਬੀ ਫਿਲਮ ‘ਓਏ ਭੋਲੇ ਓਏ’ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ।



News Source link