ਕੈਨੇਡਾ ਦੇ ਓਂਟਾਰੀਓ ਪ੍ਰਾਂਤ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਲਾਲੜੂ ਮੰਡੀ ਨਿਵਾਸੀ 22 ਸਾਲਾ ਵਿਦਿਆਰਥੀ ਅਰਮਾਨ ਚੌਹਾਨ ਦੀ ਮੌਤ ਹੋ ਗਈ। ਇਹ ਘਟਨਾ 5 ਜਨਵਰੀ ਨੂੰ ਓਂਟਾਰੀਓ ਦੇ ਹਾਈਵੇ-401 ‘ਤੇ ਕ੍ਰੇਮੇਹ ਟਾਊਨਸ਼ਿਪ ਦੇ ਨੇੜੇ ਵਾਪਰੀ। ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਹੈ, ਜਿਸ ਕਾਰਨ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (O.P.P.) ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਮੁਤਾਬਕ, ਅਰਮਾਨ ਆਪਣੇ ਇੱਕ ਦੋਸਤ ਦੇ ਨਾਲ ਮੌਂਟਰੀਅਲ ਤੋਂ ਟੋਰਾਂਟੋ ਵੱਲ ਜਾ ਰਿਹਾ ਸੀ। ਹਾਲਾਂਕਿ, ਹਾਦਸੇ ਦੇ ਸਮੇਂ ਅਰਮਾਨ ਪੈਦਲ ਹੀ ਚੱਲ ਰਿਹਾ ਸੀ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਬਿਜੀ ਹਾਈਵੇ ’ਤੇ ਪੈਦਲ ਕਿਹੜੀਆਂ ਸਥਿਤੀਆਂ ਵਿੱਚ ਪਹੁੰਚਿਆ। ਜਾਂਚ ਏਜੰਸੀਆਂ ਇਸ ਬਿੰਦੂ ਨੂੰ ਲੈ ਕੇ ਅਸਮੰਜਸ ਵਿੱਚ ਹਨ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਾਈਵੇ ਦੀ ਪੱਛਮੀ ਲੇਨ ਵਿੱਚ ਇੱਕ ਕਾਰ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰੀ ਹੈ। ਮੌਕੇ ’ਤੇ ਪੁਹੁੰਚੀ ਪੁਲਿਸ ਨੂੰ ਮੀਡੀਅਨ ਦੇ ਨੇੜੇ ਇੱਕ ਕਾਰ ਖੜੀ ਮਿਲੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਅਰਮਾਨ ਦੀ ਮੌਤ ਉਸੇ ਕਾਰ ਦੀ ਟੱਕਰ ਕਾਰਨ ਹੋਈ ਜਾਂ ਕਿਸੇ ਹੋਰ ਵਾਹਨ ਦੀ ਚਪੇਟ ਵਿੱਚ ਆਉਣ ਨਾਲ। ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਡੈਸ਼ਕੈਮ ਫੁਟੇਜ ਦੇ ਜ਼ਰੀਏ ਪੂਰੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ।
ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੇ ਤੁਰੰਤ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਵੇਲੇ ਤੱਕ ਅਰਮਾਨ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਲਾਲੜੂ ਮੰਡੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਅਰਮਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਪੜ੍ਹਾਈ ਲਈ ਕੈਨੇਡਾ ਗਿਆ ਹੋਇਆ ਸੀ।
ਪਰਿਵਾਰ ਨੇ ਘਟਨਾ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਲਾਸ਼ ਭਾਰਤ ਲਿਆਉਣ ਲਈ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਅਤੇ ਪ੍ਰਸ਼ਾਸਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓ.ਪੀ.ਪੀ. ਨੇ ਘਟਨਾ ਦੇ ਸਿੱਧੇ ਦਰਸ਼ਕਾਂ ਅਤੇ ਡੈਸ਼ਕੈਮ ਫੁਟੇਜ ਵਾਲਿਆਂ ਨੂੰ ਅੱਗੇ ਆ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਦੱਸ ਦਈਏ ਪਿਛਲੇ ਕੁੱਝ ਸਾਲਾਂ ਤੋਂ ਵਿਦੇਸ਼ੀ ਧਰਤੀ ਤੋਂ ਬਹੁਤ ਹੀ ਦੁਖਦਾਇਕ ਖਬਰ ਆ ਰਹੀਆਂ ਹਨ। ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਨੌਜਵਾਨ ਹਾਰਟ ਅਟੈਕ ਜਾਂ ਫਿਰ ਹਾਦਸਿਆਂ ਦੇ ਸ਼ਿਕਾਰ ਹੋਏ ਅਤੇ ਇਸ ਸੰਸਾਰ ਤੋਂ ਰੁਖਸਤ ਹੋ ਗਏ।
ਹੋਰ ਪੜ੍ਹੋ