Punjabi Actor Join Politics: ਪੰਜਾਬੀ ਸਿਨੇਮਾ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਵੱਡਾ ਸਿਆਸੀ ਅਤੇ ਸਮਾਜਿਕ ਹੁਲਾਰਾ ਮਿਲਿਆ ਹੈ। ਦਰਅਸਲ, ਫ਼ਿਲਮ ‘ਮਿੱਟੀ ਪੰਜਾਬ ਦੀ’ ਨਾਲ ਵਾਹੋ-ਵਾਹੀ ਖੱਟਣ ਵਾਲੇ ਪੰਜਾਬੀ ਕਲਾਕਾਰ ਰੱਬੀ ਕੰਧੋਲਾ ਆਪਣੇ ਸਮਰਥਕਾਂ ਨਾਲ ਵੱਡੀ ਗਿਣਤੀ ਵਿੱਚ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹ ਸ਼ਮੂਲੀਅਤ ਚੰਡੀਗੜ੍ਹ ਦੇ ਪ੍ਰੈੱਸ ਕਲੱਬ, ਸੈਕਟਰ-27 ਵਿੱਚ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹੋਈ, ਜਿੱਥੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਪਾਰਟੀ ਦੀ ਮੈਂਬਰਸ਼ਿਪ ਦਿਵਾਈ।
ਜਾਣੋ ਇਸ ਪਾਰਟੀ ਵਿੱਚ ਕਿਉਂ ਹੋਏ ਸ਼ਾਮਲ?
ਅਦਾਕਾਰ ਰੱਬੀ ਕੰਧੋਲਾ ਨੇ ਕਿਹਾ ਕਿ ਉਹ ਪਾਰਟੀ ਦੀ ਉਸ ਉਸਾਰੂ ਸੋਚ ਤੋਂ ਡੂੰਘੇ ਪ੍ਰਭਾਵਿਤ ਹੋ ਕੇ ਇਸ ਨਾਲ ਜੁੜੇ ਹਨ, ਜੋ ਪੰਜਾਬੀ ਮਾਂ-ਬੋਲੀ ਦੀ ਸੰਭਾਲ, ਪੰਜਾਬੀਆਂ ਦੇ ਬੁਨਿਆਦੀ ਹੱਕਾਂ ਦੀ ਰੱਖਿਆ, ਨੌਜਵਾਨਾਂ ਦੀ ਮਿਆਰੀ ਸਿੱਖਿਆ, ਪੇਪਰ ਲੀਕ ਵਰਗੇ ਸੰਵੇਦਨਸ਼ੀਲ ਮਾਮਲਿਆਂ ’ਤੇ ਸਖ਼ਤ ਕਾਰਵਾਈ ਅਤੇ ਬੇਰੁਜ਼ਗਾਰੀ ਖ਼ਤਮ ਕਰਨ ਲਈ ਸਖ਼ਤ ਤੇ ਪਾਰਦਰਸ਼ੀ ਕਾਨੂੰਨ ਬਣਾਉਣ ਦੀ ਜ਼ੋਰਦਾਰ ਵਕਾਲਤ ਕਰਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਅਤੇ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਮਜ਼ਬੂਤੀ ਨਾਲ ਆਵਾਜ਼ ਉਠਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਦਿੱਗਜ਼ ਆਗੂਆਂ ਵਿਸ਼ੇਸ਼ ਤੌਰ ’ਤੇ ਹਾਜ਼ਰ
ਇਸ ਵਿਸ਼ੇਸ਼ ਸਮਾਗਮ ਦੌਰਾਨ ਪਾਰਟੀ ਦੇ ਕਈ ਨਾਮਵਰ ਅਤੇ ਸੀਨੀਅਰ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ, ਜਿਨ੍ਹਾਂ ਵਿੱਚ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸ਼ਾਮਲ ਸਨ। ਇਸ ਮੌਕੇ ਪਾਰਟੀ ਆਗੂਆਂ ਨੇ ਰੱਬੀ ਕੰਧੋਲਾ ਅਤੇ ਉਨ੍ਹਾਂ ਦੇ ਸਾਥੀ ਸਮਰਥਕਾਂ ਨੂੰ ਸਿਰੋਪਾਓ ਭੇਂਟ ਕਰਕੇ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਨਿੱਘੀ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਵਾਗਤ ਕੀਤਾ।
ਸੰਗਠਨ ਨੂੰ ਮਿਲੇਗੀ ਜ਼ਮੀਨੀ ਪੱਧਰ ’ਤੇ ਮਜ਼ਬੂਤੀ
ਪਾਰਟੀ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਰੱਬੀ ਕੰਧੋਲਾ ਦੇ ਪਾਰਟੀ ਨਾਲ ਜੁੜਨ ਨਾਲ ਸੰਗਠਨ ਨੂੰ ਸਮਾਜਿਕ ਅਤੇ ਜਨ-ਆਧਾਰ ਦੇ ਪੱਧਰ ’ਤੇ ਹੋਰ ਵੱਡੀ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਕਲਾ ਅਤੇ ਸਮਾਜ ਸੇਵਾ ਨਾਲ ਜੁੜੇ ਚਿਹਰਿਆਂ ਦੇ ਆਉਣ ਨਾਲ ਪੰਜਾਬ ਦੇ ਅਸਲ ਮੁੱਦਿਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਹੋਰ ਵੀ ਆਸਾਨੀ ਹੋਵੇਗੀ। ਅਖ਼ੀਰ ਵਿੱਚ ਰੱਬੀ ਕੰਧੋਲਾ ਨੇ ਦੁਹਰਾਇਆ ਕਿ ਉਨ੍ਹਾਂ ਨੇ ਪੰਜਾਬ, ਪੰਜਾਬੀ ਅਤੇ ਪੰਥਕ ਵਿਚਾਰਧਾਰਾ ਦੀ ਸੱਚੇ ਮਨੋਂ ਸੇਵਾ ਕਰਨ ਦੇ ਮਕਸਦ ਨਾਲ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਪੱਲਾ ਫੜਿਆ ਹੈ।