Punjab News : ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਬਰਸੀ ’ਤੇ ਭਰਾ ਨੇ ਕੀਤਾ ਵੱਡਾ ਖ਼ੁਲਾਸਾ, ਜਾਣੋ ਕੀ ਹੈ ਪੂਰਾ ਮਾਮਲਾ

0
3


Virender Ghuman Death Cas : ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਭਰਾ ਰੱਬੀ ਬਾਜਵਾ ਨੇ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦਾਅਵਾ ਕੀਤਾ ਕਿ ਵਰਿੰਦਰ ਘੁੰਮਣ ਦੀ ਮੌਤ ਤੋਂ ਬਾਅਦ ਹਸਪਤਾਲ ਵੱਲੋਂ ਪਰਿਵਾਰ ਨੂੰ ਕਰੋੜਾਂ ਰੁਪਏ ਦੀ ਆਫ਼ਰ ਦਿੱਤੀ ਗਈ ਸੀ, ਪਰ ਪਰਿਵਾਰ ਨੇ ਇਸ ਨੂੰ ਠੁਕਰਾ ਦਿੱਤਾ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਪੈਸੇ ਨਹੀਂ, ਸਗੋਂ ਇਨਸਾਫ਼ ਚਾਹੀਦਾ ਹੈ।

ਵਰਿੰਦਰ ਘੁੰਮਣ ਦਾ 9 ਅਕਤੂਬਰ 2025 ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਮਹਿੰਦਰ ਭਗਤ ਸਮੇਤ ਹੋਰ ਆਗੂਆਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪਰਿਵਾਰ ਦੀ ਮੰਗ, ਮੁੱਖ ਮੰਤਰੀ ਖ਼ੁਦ ਕਰਨ ਮਾਮਲੇ ਦੀ ਨਿਗਰਾਨੀ

ਮੀਡੀਆ ਨਾਲ ਗੱਲਬਾਤ ਕਰਦਿਆਂ ਰੱਬੀ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਨੂੰ ਇਸ ਦੁਨੀਆ ਤੋਂ ਵਿਛੜਿਆਂ ਇੱਕ ਸਾਲ ਹੋ ਗਿਆ ਹੈ। ਪਰਿਵਾਰ ਸ਼ੁਰੂ ਤੋਂ ਹੀ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਰਿਵਾਰ ਨੂੰ ਸਹਿਯੋਗ ਮਿਲ ਰਿਹਾ ਹੈ, ਪਰ ਕੁਝ ਸਿਆਸਤਦਾਨਾਂ ਵੱਲੋਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਪਰਿਵਾਰ ਨੂੰ ਸ਼ੱਕ ਹੈ।

ਰੱਬੀ ਬਾਜਵਾ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ’ਤੇ ਇਸ ਮਾਮਲੇ ਦੀ ਨਿਗਰਾਨੀ ਕਰਨ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਨੂੰ ਯਕੀਨੀ ਬਣਾਉਣ।

ਡਾਕਟਰਾਂ ਨੂੰ ਤੰਗ ਕਰਨ ਦੇ ਵੀ ਲਗਾਏ ਆਰੋਪ 

ਪਰਿਵਾਰ ਨੇ ਆਰੋਪ ਲਾਇਆ ਕਿ ਮਾਮਲੇ ਨੂੰ ਦਬਾਉਣ ਲਈ ਗੈਂਗਸਟਰਾਂ ਰਾਹੀਂ ਡਾਕਟਰਾਂ ਨੂੰ ਤੰਗ-ਪਰੇਸ਼ਾਨ ਕੀਤਾ ਗਿਆ। ਉਨ੍ਹਾਂ ਮੁਤਾਬਕ ਕੁਝ ਡਾਕਟਰਾਂ ਦੇ ਤਬਾਦਲੇ ਵੀ ਕਰਵਾਏ ਗਏ, ਪਰ ਡਾਕਟਰ ਇਸ ਮਾਮਲੇ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਰਹੇ। ਰੱਬੀ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਪਰਿਵਾਰ ਨੂੰ ਉਮੀਦ ਹੈ ਕਿ ਮਾਮਲੇ ਵਿੱਚ ਇਨਸਾਫ਼ ਮਿਲੇਗਾ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ।

ਕਿਵੇਂ ਹੋਈ ਸੀ ਵਰਿੰਦਰ ਘੁੰਮਣ ਦੀ ਮੌਤ?

ਵਰਿੰਦਰ ਸਿੰਘ ਘੁੰਮਣ ਨੂੰ ‘ਹੀ-ਮੈਨ ਆਫ਼ ਇੰਡੀਆ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 2009 ਵਿੱਚ ਮਿਸਟਰ ਇੰਡੀਆ ਦਾ ਖ਼ਿਤਾਬ ਜਿੱਤਿਆ ਸੀ। ਉਹ ਪੇਸ਼ੇਵਰ ਬਾਡੀ ਬਿਲਡਰ ਹੋਣ ਦੇ ਨਾਲ-ਨਾਲ ਅਦਾਕਾਰ ਅਤੇ ਡੇਅਰੀ ਕਿਸਾਨ ਵੀ ਸਨ। ਉਨ੍ਹਾਂ ਨੂੰ ਸ਼ੁੱਧ ਸ਼ਾਕਾਹਾਰੀ ਬਾਡੀ ਬਿਲਡਰ ਵਜੋਂ ਵੀ ਜਾਣਿਆ ਜਾਂਦਾ ਸੀ।

ਜਾਣਕਾਰੀ ਮੁਤਾਬਕ ਵਰਿੰਦਰ ਘੁੰਮਣ ਬਾਂਹ ਦੇ ਇੱਕ ਛੋਟੇ ਜਿਹੇ ਆਪ੍ਰੇਸ਼ਨ ਲਈ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਗਏ ਸਨ। ਉਹ ਜਲੰਧਰ ਦੇ ਬਸਤੀ ਸ਼ੇਖ ਸਥਿਤ ਆਪਣੇ ਘਰ ਤੋਂ ਇਕੱਲੇ ਹੀ ਹਸਪਤਾਲ ਗਏ ਸਨ, ਕਿਉਂਕਿ ਆਪ੍ਰੇਸ਼ਨ ਮਾਮੂਲੀ ਹੋਣ ਕਾਰਨ ਉਨ੍ਹਾਂ ਨੇ ਉਸੇ ਦਿਨ ਵਾਪਸ ਆਉਣਾ ਸੀ। ਹਾਲਾਂਕਿ, ਉੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਨੇ ਹਸਪਤਾਲ ’ਤੇ ਲਾਪਰਵਾਹੀ ਦੇ ਆਰੋਪ ਲਗਾਏ ਸਨ। ਮਾਮਲਾ ਅਜੇ ਵੀ ਕਾਨੂੰਨੀ ਪ੍ਰਕਿਰਿਆ ਅਧੀਨ ਹੈ।

ਹਰ ਸਾਲ ਮਨਾਈ ਜਾਵੇਗੀ ਬਰਸੀ

ਰੱਬੀ ਬਾਜਵਾ ਨੇ ਕਿਹਾ ਕਿ ਪਰਿਵਾਰ ਹਰ ਸਾਲ ਵਰਿੰਦਰ ਘੁੰਮਣ ਦੀ ਬਰਸੀ ਮਨਾਏਗਾ। ਇਸ ਮੌਕੇ ਮੇਲੇ ਲਗਾ ਕੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਲੜਾਈ ਸਿਰਫ਼ ਇਨਸਾਫ਼ ਲਈ ਹੈ। ਉੱਧਰ, ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਨ। ਵਰਿੰਦਰ ਘੁੰਮਣ ਨੇ ਪੰਜਾਬ ਅਤੇ ਜਲੰਧਰ ਦਾ ਨਾਂ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।



News Source link