Ludhiana News: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਥਿਤ ਜਾਅਲੀ ਫੋਰੈਂਸਿਕ ਰਿਪੋਰਟ ਮਾਮਲੇ ਦੇ ਸਬੰਧ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਨੂੰ 19 ਅਕਤੂਬਰ, 2026 ਨੂੰ ਚੰਡੀਗੜ੍ਹ ਸਥਿਤ ਈਡੀ ਦਫ਼ਤਰ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਵਿਵਾਦਪੂਰਨ ਵਾਇਰਲ ਵੀਡੀਓ ਦੀ ਫੋਰੈਂਸਿਕ ਅਤੇ ਸਾਈਬਰ ਜਾਂਚ ਰਿਪੋਰਟ ਤਿਆਰ ਕਰਨ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਹੈ। ਪੰਜਾਬ ਪੁਲਿਸ ਦੀ ਰਿਪੋਰਟ ਵਿੱਚ ਵਾਇਰਲ ਵੀਡੀਓ ਨੂੰ ਏਆਈ-ਜਨਰੇਟਿਡ ਦੱਸਿਆ ਗਿਆ ਹੈ। ਗੁਰੂਗ੍ਰਾਮ ਪੁਲਿਸ ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਜਾਅਲੀ ਰਿਪੋਰਟ ਤਿਆਰ ਕਰਨ ਦੇ ਦੋਸ਼
ਜਾਣਕਾਰੀ ਦੇ ਅਨੁਸਾਰ, ਦੋਸ਼ ਹੈ ਕਿ ਸਵਪਨ ਸ਼ਰਮਾ ਨੇ ਗੁਰੂਗ੍ਰਾਮ ਵਿੱਚ ਮਾਹਿਰਾਂ ਨਾਲ ਮੁਲਾਕਾਤ ਕੀਤੀ ਸੀ, ਤਾਂ ਜੋ ਸੀਐਮ ਭਗਵੰਤ ਮਾਨ ਦੇ ਕਥਿਤ ਵਾਇਰਲ ਵੀਡੀਓ ਨੂੰ ਏਆਈ ਦੁਆਰਾ ਤਿਆਰ ਦੱਸਣ ਵਾਲੀ ਫੋਰੈਂਸਿਕ ਅਤੇ ਸਾਈਬਰ ਵਿਸ਼ਲੇਸ਼ਣ ਰਿਪੋਰਟ ਤਿਆਰ ਕਰਵਾਈ ਜਾ ਸਕੇ। ਹਾਲਾਂਕਿ, ਇਹ ਦੋਸ਼ ਹੈ ਅਤੇ ਮਾਮਲੇ ਵਿੱਚ ਸਬੰਧਤ ਧਿਰਾਂ ਦਾ ਜਵਾਬ ਅਜੇ ਸਾਹਮਣੇ ਆਉਣਾ ਬਾਕੀ ਹੈ।
ਜੂਨ ਵਿੱਚ ਵਾਇਰਲ ਹੋਇਆ ਸੀ ਵੀਡੀਓ
ਜੂਨ ਵਿੱਚ, ਸੋਸ਼ਲ ਮੀਡੀਆ ‘ਤੇ ਇੱਕ ਕਥਿਤ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਭਗਵੰਤ ਮਾਨ ਨੂੰ ਸਿੱਖ ਗੁਰੂਆਂ ਦੀਆਂ ਤਸਵੀਰਾਂ ‘ਤੇ ਸ਼ਰਾਬ ਛਿੜਕਦੇ ਦਿਖਾਇਆ ਗਿਆ ਸੀ। ਵਿਵਾਦ ਵੱਧਣ ਤੋਂ ਬਾਅਦ, ਭਗਵੰਤ ਮਾਨ ਅਕਾਲ ਤਖ਼ਤ ਦੇ ਸਾਹਮਣੇ ਪੇਸ਼ ਹੋਏ ਸੀ। ਉਨ੍ਹਾਂ ਨੇ ਵੀਡੀਓ ਵਿੱਚ ਮੌਜੂਦ ਵਿਅਕਤੀ ਨੂੰ ਖੁਦ ਹੋਣ ਤੋਂ ਇਨਕਾਰ ਕਰਦੇ ਹੋਏ ਇਸਨੂੰ ਇੱਕ AI-ਜਨਰੇਟਿਡ ਵੀਡੀਓ ਦੱਸਿਆ ਸੀ।
ਜਾਅਲੀ ਰਿਪੋਰਟਾਂ ਦੇ ਦੋਸ਼ ਵਿੱਚ 2 ਗ੍ਰਿਫ਼ਤਾਰ
ਇਸ ਮਾਮਲੇ ਵਿੱਚ, ਗੁਰੂਗ੍ਰਾਮ ਪੁਲਿਸ ਨੇ ਕਥਿਤ ਤੌਰ ‘ਤੇ ਜਾਅਲੀ ਫੋਰੈਂਸਿਕ ਅਤੇ ਸਾਈਬਰ ਵਿਸ਼ਲੇਸ਼ਣ ਰਿਪੋਰਟਾਂ ਤਿਆਰ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਅਰੁਣ ਮੇਹਰਚੰਦੂ (25) ਅਤੇ ਅੰਕਿਤ (25) ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਬਾਅਦ, ਇੱਕ ਹੋਰ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਕਥਿਤ ਤੌਰ ‘ਤੇ ਸਵਪਨ ਸ਼ਰਮਾ ਨੂੰ ਗੁਰੂਗ੍ਰਾਮ ਵਿੱਚ ਦੋ ਲੋਕਾਂ ਦੇ ਨਾਲ ਬੈਠੇ ਦਿਖਾਇਆ ਗਿਆ। ਵਿਰੋਧੀ ਆਗੂਆਂ ਨੇ ਦੋਸ਼ ਲਗਾਇਆ ਕਿ ਜਾਅਲੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ ਇੱਕ ਸਮਝੌਤਾ ਹੋਇਆ ਸੀ। ਇਨ੍ਹਾਂ ਦੋਸ਼ਾਂ ਦੀ ਅਜੇ ਪੁਸ਼ਟੀ ਬਾਕੀ ਹੈ।