Ludhiana News: ਲੁਧਿਆਣਾ ਦੇ ਜੋਧਾਂ ਇਲਾਕੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਇਮਾਰਤ ਢਹਿ ਗਈ। ਦੱਸ ਦੇਈਏ ਕਿ ਬੀਤੀ ਦੇਰ ਰਾਤ ਵਾਪੇਰ ਇਸ ਹਾਦਸੇ ਵਿੱਚ 1 ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ 1 ਲੜਕੀ ਜ਼ਖਮੀ ਹੋ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਅਤੇ ਆਲੇ-ਦੁਆਲੇ ਦੇ ਘਰਾਂ ਦੀਆਂ ਖਿੜਕੀਆਂ ਤੱਕ ਹਿੱਲ ਗਈਆਂ। ਧਮਾਕੇ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ।
ਰਾਤ ਨੂੰ ਮਿਲੀ ਹਾਦਸੇ ਦੀ ਜਾਣਕਾਰੀ
ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਸਥਾਨਕ ਪੁਲਿਸ ਤੇ ਫਾਇਰ ਬ੍ਰਿਗੇਡ ਤੋਂ ਇਲਾਵਾ ਫ਼ੌਜ ਦੀ ਟੁਕੜੀ ਨੂੰ ਵੀ ਮੋਰਚਾ ਸੰਭਾਲਣਾ ਪਿਆ। ਜਾਣਕਾਰੀ ਦਿੰਦੇ ਫਾਇਰ ਅਫ਼ਸਰ ਰਜਿੰਦਰ ਨੇ ਦੱਸਿਆ ਕਿ ਰਾਤ ਕਰੀਬ 8:20 ਵਜੇ ਸੂਚਨਾ ਮਿਲੀ ਸੀ ਕਿ ਜੋਧਾਂ ਸਰਕਾਰੀ ਸਕੂਲ ਦੇ ਕੋਲ ਇਕ ਬਿਲਡਿੰਗ ਬਲਾਸਟ ਤੋਂ ਬਾਅਦ ਡਿੱਗ ਗਈ ਹੈ। ਮੁੱਲਾਂਪੁਰ ਤੇ ਲੁਧਿਆਣਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ। ਮਲਬੇ ਵਿੱਚੋਂ ਕੱਢੇ ਨੌਜਵਾਨ ਨੂੰ ਗੰਭੀਰ ਹਾਲਤ ਵਿਚ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ ਇਕ ਔਰਤ ਤੇ ਇਕ ਹੋਰ ਵਿਅਕਤੀ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇ ਰਿਹਾਇਸ਼ੀ ਕੰਪਲੈਕਸ ਵਿਚ ਚੋਰੀ-ਛੁਪੇ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਹਾਦਸੇ ਵੇਲੇ ਉੱਥੇ 17 ਤੋਂ 18 ਲੋਕ ਮੌਜੂਦ ਸਨ।
ਅਸਮਾਨੀ ਬਿਜਲੀ ਡਿੱਗਣ ਨਾਲ ਹੋਇਆ ਸ਼ਾਰਟ ਸਰਕਟ?
ਧਮਾਕੇ ਦੀ ਵਜ੍ਹਾ ਅਜੇ ਸਪੱਸ਼ਟ ਨਹੀਂ ਹੋਈ ਹੈ ਪਰ ਮ੍ਰਿਤਕ ਨੌਜਵਾਨ ਦੇ ਪਿਤਾ ਜਮੀਲ ਦਾ ਕਹਿਣਾ ਹੈ ਕਿ ਸ਼ਾਮ ਨੂੰ ਅਚਾਨਕ ਤੇਜ਼ ਹਨੇਰੀ ਚੱਲੀ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਸ਼ਾਰਟ ਸਰਕਟ ਹੋ ਗਿਆ, ਜਿਸ ਤੋਂ ਤੁਰੰਤ ਬਾਅਦ ਸਿਲੰਡਰ ਫਟ ਗਿਆ। ਹਾਲਾਂਕਿ ਪ੍ਰਸ਼ਾਸਨਿਕ ਜਾਂਚ ਤੇ ਮੌਕੇ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਤਹਿਸੀਲਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਪੂਰੀ ਇਮਾਰਤ ਠੇਕੇਦਾਰ ਨੇ ਕਿਰਾਏ ’ਤੇ ਲਈ ਹੋਈ ਸੀ ਤੇ ਇੱਥੇ ਭਾਰੀ ਮਾਤਰਾ ਵਿਚ ‘ਪੋਟਾਸ਼’ ਤੇ ਹੋਰ ਵਿਸਫੋਟਕ ਸਮੱਗਰੀ ਭਰੀ ਹੋਈ ਸੀ, ਵੱਡੇ ਹਾਦਸੇ ਦਾ ਕਾਰਨ ਬਣਿਆ। ਬਿਲਡਿੰਗ ਦੇ ਮਲਬੇ ਵਿਚ ਅਜੇ ਵੀ ਵਿਸਫੋਟਕ ਪਦਾਰਥ ਹੋਣ ਦੇ ਖ਼ਦਸ਼ੇ ਕਾਰਨ ਫ਼ੌਜ ਦੇ ਅਧਿਕਾਰੀਆਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਫ਼ੌਜ ਦੇ ਅਧਿਕਾਰੀ ਪੁਸ਼ਪ ਰਾਜ ਨੇ ਦੱਸਿਆ ਕਿ ਹਨੇਰਾ ਹੋਣ ਤੇ ਇਮਾਰਤ ਦੇ ਪੂਰੀ ਤਰ੍ਹਾਂ ਤਬਾਹ ਹੋਣ ਕਾਰਨ ਰੈਸਕਿਊ ਆਪ੍ਰੇਸ਼ਨ ਵਿਚ ਸਾਵਧਾਨੀ ਵਰਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰਕਾਰ ਸੰਘਣੀ ਆਬਾਦੀ ਵਿਚਕਾਰ ਪਟਾਕਿਆਂ ਦਾ ਇਹ ਨਾਜਾਇਜ਼ ਕਾਰੋਬਾਰ ਕਿਸ ਦੀ ਸ਼ਹਿ ’ਤੇ ਚੱਲ ਰਿਹਾ ਸੀ।
ਹੋਰ ਪੜ੍ਹੋ