Punjab News : ਪੁਲਿਸ ਦਾ ਵੱਡਾ ਅਫ਼ਸਰ ਬਣ ਕੇ ਮਾਰਦਾ ਸੀ ਦਬਕੇ, CCTV ਨੇ ਖੋਲ੍ਹੀ ਪੋਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

Must read


Ludhiana Fake IPS Officer : ਲੁਧਿਆਣਾ ਦੇ ਦੋਰਾਹਾ ਇਲਾਕੇ ਵਿੱਚ ਇੱਕ ਹੋਮਗਾਰਡ ਜਵਾਨ ਵੱਲੋਂ ਨਕਲੀ IPS ਅਫ਼ਸਰ ਬਣ ਕੇ ਢਾਬੇ ਦੇ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ IPS ਅਫ਼ਸਰ ਦੀ ਵਰਦੀ ਪਾ ਕੇ ਬੁਲੇਟ ਮੋਟਰਸਾਈਕਲ ‘ਤੇ ਢਾਬੇ ਪਹੁੰਚਿਆ ਅਤੇ ਦੇਰ ਰਾਤ ਤੱਕ ਢਾਬਾ ਖੋਲ੍ਹਣ ਨੂੰ ਲੈ ਕੇ ਮੁਲਾਜ਼ਮਾਂ ਨਾਲ ਬਹਿਸ ਕਰਨ ਲੱਗ ਪਿਆ। ਇਸ ਦੌਰਾਨ ਉਸ ਨੇ ਮੁਲਾਜ਼ਮਾਂ ਨੂੰ ਥੱਪੜ ਮਾਰੇ ਅਤੇ ਗਾਲੀ-ਗਲੋਚ ਵੀ ਕੀਤੀ।

ਜਾਣਕਾਰੀ ਮੁਤਾਬਕ ਮੁਲਜ਼ਮ ਦੀ ਪਛਾਣ ਅਮਰਜੀਤ ਸਿੰਘ ਵਜੋਂ ਹੋਈ ਹੈ, ਜੋ ਪਿੰਡ ਚੋਮੋ ਦਾ ਰਹਿਣ ਵਾਲਾ ਹੈ। ਉਹ ਪੰਜਾਬ ਹੋਮਗਾਰਡ ਵਿੱਚ ਜਵਾਨ ਵਜੋਂ ਤਾਇਨਾਤ ਹੈ। ਪਹਿਲਾਂ ਉਸ ਦੀ ਡਿਊਟੀ ਜੇਲ੍ਹ ਗਾਰਦ ਵਿੱਚ ਸੀ, ਪਰ ਕਰੀਬ 20 ਦਿਨ ਪਹਿਲਾਂ ਉਸ ਦਾ ਤਬਾਦਲਾ ਸਰਕਾਰੀ ਰੇਲਵੇ ਪੁਲਿਸ (GRP) ਵਿੱਚ ਹੋਇਆ ਸੀ। ਇਸ ਵੇਲੇ ਉਹ ਦੋਰਾਹਾ ਰੇਲਵੇ ਪੁਲਿਸ ਚੌਕੀ ਵਿੱਚ ਤਾਇਨਾਤ ਸੀ।

ਬੁਲੇਟ ‘ਤੇ ਆਇਆ ਤੇ ਢਾਬੇ ਦੇ ਮੁਲਾਜ਼ਮਾਂ ‘ਤੇ ਝਾੜਨ ਲੱਗਾ ਰੋਅਬ

ਸ਼ੁੱਕਰਵਾਰ ਰਾਤ ਅਮਰਜੀਤ ਸਿੰਘ IPS ਅਫ਼ਸਰ ਦੀ ਨਕਲੀ ਵਰਦੀ ਪਾ ਕੇ ਬੁਲੇਟ ਮੋਟਰਸਾਈਕਲ ‘ਤੇ ਦੋਰਾਹਾ ਦੇ ਜੀਟੀ ਰੋਡ ਸਥਿਤ ‘3 ਜੇ ਢਾਬੇ’ ‘ਤੇ ਪਹੁੰਚਿਆ। ਉੱਥੇ ਉਸ ਨੇ ਮੁਲਾਜ਼ਮਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਇੰਨੀ ਰਾਤ ਤੱਕ ਢਾਬਾ ਕਿਸ ਨਿਯਮ ਤਹਿਤ ਖੋਲ੍ਹਿਆ ਹੋਇਆ ਹੈ।

ਜਦੋਂ ਮੁਲਾਜ਼ਮਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਹ ਭੜਕ ਗਿਆ। ਬਹਿਸ ਦੌਰਾਨ ਉਸ ਨੇ ਮੁਲਾਜ਼ਮਾਂ ਨਾਲ ਗਾਲੀ-ਗਲੋਚ ਕੀਤੀ ਅਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਹੰਗਾਮਾ ਹੁੰਦਾ ਦੇਖ ਆਸ-ਪਾਸ ਦੇ ਲੋਕ ਅਤੇ ਰਾਹਗੀਰ ਇਕੱਠੇ ਹੋ ਗਏ। ਭੀੜ ਵਧਦੀ ਦੇਖ ਮੁਲਜ਼ਮ ਮੋਟਰਸਾਈਕਲ ਲੈ ਕੇ ਉੱਥੋਂ ਫ਼ਰਾਰ ਹੋ ਗਿਆ।

CCTV ਫੁਟੇਜ ਨੇ ਖੋਲ੍ਹੀ ਸਾਰੀ ਪੋਲ

ਘਟਨਾ ਤੋਂ ਬਾਅਦ ਢਾਬਾ ਪ੍ਰਬੰਧਕਾਂ ਨੇ ਖੰਨਾ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਜਾਂਚ ਦੇ ਹੁਕਮ ਦਿੱਤੇ। ਪੁਲਿਸ ਨੇ ਢਾਬੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਜਿਸ ਵਿੱਚ ਮੁਲਜ਼ਮ ਮੁਲਾਜ਼ਮਾਂ ਨੂੰ ਧਮਕਾਉਂਦਾ ਅਤੇ ਕੁੱਟਮਾਰ ਕਰਦਾ ਨਜ਼ਰ ਆਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਅਸਲ ਵਿੱਚ IPS ਅਫ਼ਸਰ ਨਹੀਂ, ਸਗੋਂ ਹੋਮਗਾਰਡ ਜਵਾਨ ਹੈ।

ਨਕਲੀ IPS ਵਰਦੀ ਸਮੇਤ ਮੁਲਜ਼ਮ ਗ੍ਰਿਫ਼ਤਾਰ

ਪੁਲਿਸ ਮੁਤਾਬਕ ਮੁਲਜ਼ਮ ਨੇ IPS ਅਫ਼ਸਰ ਦੀ ਨਕਲੀ ਵਰਦੀ ਸਿਲਵਾਈ ਹੋਈ ਸੀ ਅਤੇ ਉਹ ਅਕਸਰ ਇਸ ਨੂੰ ਪਾ ਕੇ ਇਲਾਕੇ ਵਿੱਚ ਲੋਕਾਂ ਅਤੇ ਦੁਕਾਨਦਾਰਾਂ ‘ਤੇ ਰੋਅਬ ਪਾਉਂਦਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਕਬਜ਼ੇ ਵਿੱਚੋਂ ਨਕਲੀ IPS ਵਰਦੀ ਵੀ ਬਰਾਮਦ ਕੀਤੀ ਗਈ ਹੈ। ਦੋਰਾਹਾ ਥਾਣਾ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



News Source link

- Advertisement -

More articles

- Advertisement -

Latest article