Punjab News: ਪੁਲੀਸ ਨੇ ਮੰਗਲਵਾਰ ਨੂੰ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸੋਮਵਾਰ ਦੇਰ ਰਾਤ ਹਮਲਾਵਰਾਂ ਨੇ ਇੱਕ 24 ਸਾਲਾ ਦੁਕਾਨਦਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਘਟਨਾ ਸੋਮਵਾਰ ਰਾਤ 10 ਵਜੇ ਦੇ ਕਰੀਬ ਗੜ੍ਹਦੀਵਾਲਾ ਬੱਸ ਸਟਾਪ ਨੇੜੇ ਵਾਪਰੀ।
ਪਿੰਡ ਮਿਰਜ਼ਾਪੁਰ ਦਾ ਰਹਿਣ ਵਾਲਾ ਅਵਿਨਾਸ਼ ਗੜ੍ਹਦੀਵਾਲਾ ਵਿੱਚ ਤੋਹਫ਼ਿਆਂ ਦੀ ਦੁਕਾਨ ਚਲਾਉਂਦਾ ਸੀ। ਉਹ ਉਦੋਂ ਆਪਣੇ ਦੋਸਤ ਗਗਨਦੀਪ ਸਿੰਘ ਨਾਲ ਸੀ ਜਦੋਂ ਦੋ ਕਾਰਾਂ ਵਿਚ ਸਵਾਰ ਹੋ ਕੇ ਆਏ ਘੱਟੋ-ਘੱਟ 10 ਵਿਅਕਤੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵੇਂ ਦੋਸਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਹਮਲਾਵਰ ਮੌਕੇ ਤੋਂ ਭੱਜ ਗਏ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਨੂੰ ਇਲਾਜ ਲਈ ਦਸੂਹਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਅਵਿਨਾਸ਼ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਉਸ ਦੇ ਦੋਸਤ ਗਗਨਦੀਪ ਸਿੰਘ ਦਾ ਇਲਾਜ ਕੀਤਾ ਗਿਆ। ਬਾਅਦ ’ਚ ਇਸ ਘਟਨਾ ਵਿੱਚ ਹਮਲਾਵਰਾਂ ਵੱਲੋਂ ਵਰਤੀ ਗਈ ਇੱਕ ਕਾਰ ਪਿੰਡ ਗੋਂਦਪੁਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲੀਸ ਨੇ ਕਿਹਾ ਕਿ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜਾਂਚ ਅਧਿਕਾਰੀ ਸਬ-ਇੰਸਪੈਕਟਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਗੜ੍ਹਦੀਵਾਲਾ ਪੁਲੀਸ ਸਟੇਸ਼ਨ ਵਿੱਚ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਕਿਹਾ ਕਿ ਮੁਲਜ਼ਮਾਂ ਵਿੱਚ ਗੋਂਦਪੁਰ ਦਾ ਨਵਜੋਤ ਸਿੰਘ ਉਰਫ ਹੈਪੀ, ਬਠਲਾਣ ਦਾ ਰਿਸ਼ੀ ਅਤੇ ਨਵਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਗੌਰਵ (ਸਾਰੇ ਡਡਿਆਣਾ ਖੁਰਦ ਦੇ ਵਸਨੀਕ) ਦੇ ਨਾਲ-ਨਾਲ ਚਾਰ ਤੋਂ ਪੰਜ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲੀਸ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਮਲਾ ਦੋਸ਼ੀਆਂ ਅਤੇ ਮ੍ਰਿਤਕ ਵਿਚਕਾਰ ਪੁਰਾਣੀ ਦੁਸ਼ਮਣੀ ਦਾ ਨਤੀਜਾ ਸੀ। -ਪੀਟੀਆਈ