ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਮਾਰਚ
Punjab News: ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਦਿਆਂ ਅੱਜ ਇੱਥੇ ਨਗਰ ਨਿਗਮ ਵੱਲੋਂ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੁੱਜਰਪੁਰਾ ਇਲਾਕੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਦੀ ਇਮਾਰਤ ਨੂੰ ਢਾਹਿਆ ਗਿਆ ਹੈ। ਪੁਲੀਸ ਵੱਲੋ ਦੋ ਮੰਜ਼ਿਲਾਂ ਇਮਾਰਤ ਨੂੰ ਜੇਸੀਬੀ ਮਸ਼ੀਨ(ਬੁਲਡੋਜ਼ਰ) ਦੀ ਮਦਦ ਨਾਲ ਢਾਹੁਣ ਦੀ ਕਾਰਵਾਈ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਹੋਰ ਪੁਲੀਸ ਅਧਿਕਾਰੀਆਂ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਹ ਸੰਪੱਤੀ ਅਜੇ ਕੁਮਾਰ ਉਰਫ ਬਿੱਲੀ ਦੀ ਹੈ, ਜੋ ਉਸਨੇ ਨਸ਼ਿਆਂ ਦੇ ਕਾਰੋਬਾਰ ਕਰਕੇ ਨਜਾਇਜ਼ ਆਮਦਨ ਤੋਂ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਦੇ ਖ਼ਿਲਾਫ਼ ਨਾਰਕੋਟਿਕਸ ਐਕਟ ਅਧੀਨ ਪੰਜ ਕੇਸ ਦਰਜ ਹਨ ਅਤੇ ਉਹ ਵੇਲੇ ਇਹ ਭਗੋੜਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਹੋਰ ਨਸ਼ਾ ਤਸਕਰਾਂ ਦੀਆਂ ਸੰਪੱਤੀਆਂ ’ਤੇ ਕਾਰਵਾਈ ਕੀਤੀ ਗਈ ਹੈ।
ਉਧਰ ਭਗੋੜੇ ਮੁਲਜ਼ਮ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਅਜੇ ਕੁਮਾਰ ਨੂੰ ਬੇਦਖਲ ਕੀਤਾ ਹੋਇਆ ਹੈ ਅਤੇ ਉਸ ਦਾ ਇਸ ਜਾਇਦਾਦ ਨਾਲ ਕੋਈ ਸੰਬੰਧ ਨਹੀਂ ਹੈ। ਪੁਲੀਸ ਵੱਲੋਂ ਇਸ ਤੋਂ ਪਹਿਲਾਂ 6 ਮਾਰਚ ਨੂੰ ਇਲਾਕਾ ਭਰਾੜੀ ਵਾਲ ਅਤੇ ਮਕਬੂਲਪੁਰਾ ਇਲਾਕੇ ਵਿੱਚ ਦੋ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਢਾਹਿਆ ਗਿਆ ਸੀ।