Punjab Voter list Special : ਪੰਜਾਬ ਵਿੱਚ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਪਹਿਲਾ ਰਾਊਂਡ ਪੂਰਾ ਹੋ ਗਿਆ ਹੈ। ਇਸ ਦੌਰਾਨ ਕਰੀਬ 20 ਲੱਖ ਇਨਿਊਮੇਰੇਸ਼ਨ ਫਾਰਮ ਵਾਪਸ ਨਹੀਂ ਆਏ, ਜਦਕਿ 4 ਲੱਖ 12 ਹਜ਼ਾਰ 715 ਵੋਟਰ ਟ੍ਰੇਸ ਨਹੀਂ ਹੋਏ। ਇਸ ਤੋਂ ਇਲਾਵਾ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ 1 ਲੱਖ 19 ਹਜ਼ਾਰ 145 ਡਬਲ ਵੋਟਰ ਸਾਹਮਣੇ ਆਏ ਹਨ।
ਬੂਥ ਲੈਵਲ ਅਧਿਕਾਰੀਆਂ (BLO) ਵੱਲੋਂ 2.61 ਕਰੋੜ ਇਨਿਊਮੇਰੇਸ਼ਨ ਫਾਰਮ ਵੰਡੇ ਗਏ, ਜਿਨ੍ਹਾਂ ਵਿੱਚੋਂ ਲਗਭਗ 2.41 ਕਰੋੜ ਫਾਰਮ ਵਾਪਸ ਮਿਲੇ। ਹੁਣ 13 ਅਗਸਤ ਨੂੰ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦਾ ਡਰਾਫਟ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਕਰੀਬ ਇੱਕ ਮਹੀਨੇ ਤੱਕ ਲੋਕ ਆਪਣੇ ਦਾਅਵੇ ਅਤੇ ਐਤਰਾਜ਼ ਦਰਜ ਕਰਵਾ ਸਕਣਗੇ। ਇਸ ਤੋਂ ਬਾਅਦ ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰ (ERO) ਉਨ੍ਹਾਂ ਦਾ ਨਿਪਟਾਰਾ ਕਰਕੇ ਅੰਤਿਮ ਵੋਟਰ ਸੂਚੀ ਜਾਰੀ ਕਰਨਗੇ।
ਜੇ ਕਿਸੇ ਵੋਟਰ ਦੇ ਦਸਤਾਵੇਜ਼ਾਂ ‘ਤੇ ਕੋਈ ਸ਼ੱਕ ਹੋਵੇਗਾ ਤਾਂ ERO ਵੱਲੋਂ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਸੰਬੰਧਿਤ ਵੋਟਰ ਨੂੰ ਆਪਣੇ ਦਸਤਾਵੇਜ਼ਾਂ ਸਮੇਤ ERO ਅੱਗੇ ਪੇਸ਼ ਹੋਣਾ ਪਵੇਗਾ।
20 ਲੱਖ ਫਾਰਮ ਵਾਪਸ ਨਹੀਂ ਆਏ
ਮੁੱਖ ਚੋਣ ਅਧਿਕਾਰੀ ਆਨਿੰਦਿਤਾ ਮਿਤਰਾ ਨੇ ਦੱਸਿਆ ਕਿ ਕੁੱਲ 90.37 ਫੀਸਦੀ ਫਾਰਮ ਵਾਪਸ ਪ੍ਰਾਪਤ ਹੋਏ, ਜਦਕਿ 20 ਲੱਖ ਫਾਰਮ ਵਾਪਸ ਨਹੀਂ ਆਏ। ਉਨ੍ਹਾਂ ਕਿਹਾ ਕਿ 4,12,715 ਵੋਟਰ ਟ੍ਰੇਸ ਨਹੀਂ ਹੋਏ, 5.74 ਲੱਖ ਵੋਟਰ ਮ੍ਰਿਤਕ ਪਾਏ ਗਏ, 1,19,145 ਡਬਲ ਵੋਟਰ ਮਿਲੇ ਅਤੇ 12 ਲੱਖ ਵੋਟਰ ਅਣ-ਮੈਪਡ (Unmapped) ਹਨ। ਉਨ੍ਹਾਂ ਕਿਹਾ ਕਿ ਜੋ ਨਵੇਂ ਵੋਟਰ ਬਣਨਾ ਚਾਹੁੰਦੇ ਹਨ, ਉਹ ਹੁਣ ਫਾਰਮ ਨੰਬਰ-6 ਭਰ ਕੇ ਜਮ੍ਹਾਂ ਕਰਵਾ ਸਕਦੇ ਹਨ।
16 ਅਗਸਤ ਨੂੰ ਬੂਥ ਪੱਧਰ ‘ਤੇ ਲੱਗਣਗੇ ਕੈਂਪ
ਆਨਿੰਦਿਤਾ ਮਿਤਰਾ ਨੇ ਦੱਸਿਆ ਕਿ ਡਰਾਫਟ ਵੋਟਰ ਸੂਚੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ, ਜੋ ਲੋਕ ਦਫ਼ਤਰ ਨਹੀਂ ਆ ਸਕਦੇ, ਉਨ੍ਹਾਂ ਦੀ ਸਹੂਲਤ ਲਈ 16 ਅਗਸਤ ਨੂੰ ਬੂਥ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਅਣ-ਮੈਪਡ ਵੋਟਰ ਘਬਰਾਉਣ ਨਾ
ਉਨ੍ਹਾਂ ਕਿਹਾ ਕਿ ਜੇ ਕਿਸੇ ਵੋਟਰ ਦਾ ਨਾਮ ਅਣ-ਮੈਪਡ ਰਹਿ ਗਿਆ ਹੈ ਤਾਂ ਉਸਨੂੰ ਘਬਰਾਉਣ ਦੀ ਲੋੜ ਨਹੀਂ। ਉਹ ਆਪਣੇ ਉਪਲਬਧ ਦਸਤਾਵੇਜ਼ਾਂ ਨਾਲ ਦਾਅਵਾ ਪੇਸ਼ ਕਰ ਸਕਦਾ ਹੈ। ਉਸਦਾ ਵੋਟ ਕਿਸੇ ਵੀ ਤਰ੍ਹਾਂ ਖਤਰੇ ਵਿੱਚ ਨਹੀਂ ਹੈ ਅਤੇ ਜਾਂਚ ਤੋਂ ਬਾਅਦ ਉਸਦਾ ਨਾਮ ਵੋਟਰ ਸੂਚੀ ਵਿੱਚ ਬਰਕਰਾਰ ਰੱਖਿਆ ਜਾਵੇਗਾ।
12 ਲੱਖ ਅਣ-ਮੈਪਡ ਵੋਟਰ
ਮਿਤਰਾ ਨੇ ਦੱਸਿਆ ਕਿ 12 ਲੱਖ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਤਾਂ ਮੌਜੂਦ ਹਨ, ਪਰ ਉਹ ਮੈਪ ਨਹੀਂ ਹੋ ਸਕੇ। ਅਜਿਹੇ ਵੋਟਰ ਆਪਣੇ ਦਸਤਾਵੇਜ਼ ਲੈ ਕੇ ਆਉਣ, ਉਨ੍ਹਾਂ ਦੀ ਵੋਟ ਰੈਗੂਲਰ ਕਰ ਦਿੱਤੀ ਜਾਵੇਗੀ।
ਬਿਨਾਂ ਦਸਤਾਵੇਜ਼ਾਂ ਦੇ ਵੀ ਨਾਮ ਹੋ ਸਕੇਗਾ ਸ਼ਾਮਲ
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜੇ ਕਿਸੇ ਕੋਲ ਦਸਤਾਵੇਜ਼ ਨਹੀਂ ਹਨ ਤਾਂ ERO ਵੱਲੋਂ ਨੋਟਿਸ ਜਾਰੀ ਕਰਕੇ ਉਸਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਜੇ ਜਾਂਚ ਵਿੱਚ ਵੋਟਰ ਦੀ ਪਛਾਣ ਸਹੀ ਪਾਈ ਜਾਂਦੀ ਹੈ ਤਾਂ ਬਿਨਾਂ ਦਸਤਾਵੇਜ਼ਾਂ ਦੇ ਵੀ ਉਸਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ