IPL 2026 : ਜਲੰਧਰ ਦੇ ਕ੍ਰਿਕਟਰ ਕ੍ਰਿਸ਼ ਭਗਤ ਨੂੰ IPL ਲਈ ਚੁਣਿਆ ਗਿਆ ਹੈ। ਮੁੰਬਈ ਇੰਡੀਅਨਜ਼ (Mumbai Indians) ਨੇ ਉਨ੍ਹਾਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਇਸ ਬਦਲਾਅ ਦਾ ਐਲਾਨ ਉਨ੍ਹਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਰਾਹੀਂ ਕੀਤਾ ਗਿਆ। ਟੀਮ ਦੇ ਨੌਜਵਾਨ ਆਲਰਾਊਂਡਰ ਅਥਰਵ ਅੰਕੋਲੇਕਰ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਮੁੰਬਈ ਇੰਡੀਅਨਜ਼ ਨੇ ਪੰਜਾਬ ਦੇ 21 ਸਾਲਾ ਖਿਡਾਰੀ ਕ੍ਰਿਸ਼ ਭਗਤ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।
ਕੌਣ ਹੈ ਕ੍ਰਿਸ਼ ਭਗਤ?
ਕ੍ਰਿਸ਼ ਜਲੰਧਰ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਦਾ ਭਤੀਜਾ ਹੈ। ਕ੍ਰਿਸ਼ ਭਗਤ ਤੇਜ਼ ਗੇਂਦਬਾਜ਼ ਹੈ, ਜਿਸ ਨੂੰ ਮੁੰਬਈ ਇੰਡੀਅਨਜ਼ ਨੇ ਉਸਦੇ ਬੇਸ ਪ੍ਰਾਈਸ 30 ਲੱਖ ਰੁਪਏ ਵਿੱਚ ਸਾਈਨ ਕੀਤਾ ਹੈ। ਭਾਵੇਂ ਕਿ ਕ੍ਰਿਸ਼ ਨੇ ਅਜੇ ਤੱਕ ਘਰੇਲੂ ਟੀ-20 ਵਿੱਚ ਡੈਬਿਊ ਨਹੀਂ ਕੀਤਾ ਹੈ ਪਰ ਉਹ ਪਿਛਲੇ ਦੋ ਸਾਲਾਂ ਤੋਂ ਮੁੰਬਈ ਇੰਡੀਅਨਜ਼ ਦੇ ਟ੍ਰਾਇਲਜ਼ ਦਾ ਹਿੱਸਾ ਰਿਹਾ ਹੈ। ਤੇਜ਼ ਗੇਂਦਬਾਜ਼ ਕ੍ਰਿਸ਼ ਨੇ ਘਰੇਲੂ ਕ੍ਰਿਕਟ ਵਿੱਚ ਪੰਜਾਬ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਹੁਣ ਤੱਕ 7 ਫਸਟ-ਕਲਾਸ ਅਤੇ 9 ਲਿਸਟ ਏ ਮੈਚ ਖੇਡੇ ਹਨ।
ਪਰਿਵਾਰ ‘ਚ ਖੁਸ਼ੀ ਦਾ ਮਾਹੌਲ
ਜਲੰਧਰ ਦੇ 21 ਸਾਲਾ ਕ੍ਰਿਸ਼ ਭਗਤ ਦੀ IPL ਵਿੱਚ ਚੋਣ ਨਾਲ ਉਨ੍ਹਾਂ ਦੇ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਹੈ। ਉਸਦੇ ਦਾਦਾ ਅਤੇ ਸਾਬਕਾ ਕੈਬਨਿਟ ਮੰਤਰੀ ਚੁਨੀ ਲਾਲ ਭਗਤ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਜਿੱਥੇ ਉਸਦੇ ਪੁੱਤਰਾਂ ਨੇ ਰਾਜਨੀਤੀ ਵਿੱਚ ਆਪਣਾ ਨਾਮ ਬਣਾਇਆ ਹੈ, ਉੱਥੇ ਉਸਦੇ ਪੋਤੇ ਨੇ ਖੇਡ ਜਗਤ ਵਿੱਚ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।
ਕ੍ਰਿਸ਼ ਦੀ ਮਾਂ ਮਨੂ ਅਤੇ ਤਾਈ ਸੁਰੇਸ਼ ਕੁਮਾਰੀ ਨੇ ਦੱਸਿਆ ਕਿ ਕ੍ਰਿਸ਼ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਬਹੁਤ ਜਨੂੰਨ ਸੀ। ਉਸਨੇ ਪੰਜ ਸਾਲ ਦੀ ਉਮਰ ਵਿੱਚ ਅਕੈਡਮੀ ਵਿੱਚ ਅਭਿਆਸ ਕਰਨਾ ਸ਼ੁਰੂ ਕੀਤਾ ਸੀ ਅਤੇ ਦੋ ਸਾਲਾਂ ਦੀ ਸਖ਼ਤ ਮਿਹਨਤ ਅਤੇ ਉਡੀਕ ਤੋਂ ਬਾਅਦ ਉਸਨੇ ਅੰਤ ਵਿੱਚ ਇਹ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਪਰਿਵਾਰ ਨੇ ਜਲੰਧਰ ਅਕੈਡਮੀ ਵਿੱਚ ਮਠਿਆਈਆਂ ਵੰਡ ਕੇ ਇਸ ਪਲ ਦਾ ਜਸ਼ਨ ਮਨਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ