PM Modi Jalandhar Speech : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਤੋਂ ਬਾਅਦ ਜਲੰਧਰ ਪਹੁੰਚੇ, ਜਿੱਥੇ ਉਨ੍ਹਾਂ ਨੇ 5,470 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਦੇ ਛੇਹਰਟਾ ਤੋਂ ਵਾਰਾਣਸੀ ਤੱਕ ਚੱਲਣ ਵਾਲੀ ਸੀਰ ਗੋਵਰਧਨਪੁਰ ਵਾਰਾਣਸੀ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ। ਰਵਾਨਗੀ ਤੋਂ ਪਹਿਲਾਂ ਉਨ੍ਹਾਂ ਨੇ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਰੇਲਗੱਡੀ ਵਿੱਚ ਹੀ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਕਿਸਾਨਾਂ ਵਾਲੀ ਹਰੀ ਪੱਗ ਪਾ ਕੇ ਜਨ ਸਭਾ ਨੂੰ ਸੰਬੋਧਨ ਕਰਨ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ਼ਤਿਹਾਰਾਂ ਦੇ ਜ਼ਰੀਏ ਲੋਕਾਂ ਨਾਲ ਕੀਤੇ ਵਿਸ਼ਵਾਸਘਾਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਹਾਲਤ ਬਹੁਤ ਮਾੜੀ ਹੈ। ਕਦੋਂ ਕਿੱਥੇ ਗੈਂਗਵਾਰ ਹੋ ਜਾਵੇ ਜਾਂ ਕਿਸ ਪਾਸੇ ਤੋਂ ਗੋਲੀਆਂ ਚੱਲਣ ਲੱਗ ਪੈਣ, ਕੋਈ ਨਹੀਂ ਜਾਣਦਾ। ਵਪਾਰ ਕਰਨਾ ਮੁਸ਼ਕਲ ਹੋ ਗਿਆ ਹੈ, ਖੁੱਲ੍ਹੇਆਮ ਫਿਰੌਤੀ ਮੰਗੀ ਜਾ ਰਹੀ ਹੈ। ਪੁਲਿਸ ਥਾਣੇ ਵੀ ਸੁਰੱਖਿਅਤ ਨਹੀਂ ਰਹੇ ਅਤੇ ਉਨ੍ਹਾਂ ‘ਤੇ ਵੀ ਹਮਲੇ ਹੋ ਰਹੇ ਹਨ। ਉਨ੍ਹਾਂ ਆਰੋਪ ਲਗਾਇਆ ਕਿ ਪੰਜਾਬ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਤਸਕਰ ਬੇਖੌਫ਼ ਘੁੰਮ ਰਹੇ ਹਨ, ਜੋ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ।
PM ਮੋਦੀ ਨੇ ਕਿਹਾ ਕਿ ਜੋ ਲੋਕ ਪੰਜਾਬ ਦੀ ਸੱਤਾ ਵਿੱਚ ਬੈਠੇ ਹਨ, ਉਹ ਕਦੇ ਦੇਸ਼ ਦੀ ਰਾਜਨੀਤੀ ਬਦਲਣ ਦੇ ਦਾਅਵੇ ਕਰਦੇ ਸਨ ਪਰ ਹੁਣ ਉਨ੍ਹਾਂ ਦੀ ਹਕੀਕਤ ਦੇਸ਼ ਦੇ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਪਾਰਟੀ ਦੇ ਇੱਕ ਨੇਤਾ ਨੂੰ ਅਦਾਲਤ ਨੇ ਦੰਗੇ ਕਰਵਾਉਣ ਅਤੇ ਇੱਕ IB ਅਧਿਕਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਦੇ ਫ਼ੈਸਲੇ ‘ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਉਨ੍ਹਾਂ AAP ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ “ਕੱਟੜ ਬੇਈਮਾਨ ਪਾਰਟੀ” ਦੀ ਸਰਕਾਰ ਹੈ ਅਤੇ ਇਹ ਸਰਕਾਰ ਕਰਜ਼ੇ ਦੇ ਸਹਾਰੇ ਮੌਜਾਂ ਕਰ ਰਹੀ ਹੈ।
ਜਲੰਧਰ ਦੀ ਇਸ ਰੈਲੀ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਵਿਕਰਮਜੀਤ ਸਾਹਨੀ, ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਵੀ ਮੌਜੂਦ ਰਹੇ। ਹਾਲਾਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੈਲੀ ਵਿੱਚ ਨਹੀਂ ਪਹੁੰਚੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਜੀੰਦ ਵਿੱਚ ਦੇਸ਼ ਦੀ ਪਹਿਲੀ ਹਾਈਡਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ 10 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਸ਼ਿਲਾਨਿਆਸ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਵਿਕਾਸ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਨਵੇਂ MBBS ਕਾਲਜ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਜਲਦੀ ਹੀ ਉੱਥੇ ਪੜ੍ਹਾਈ ਸ਼ੁਰੂ ਹੋਵੇਗੀ।
ਜਲੰਧਰ ਰੈਲੀ ਵਿੱਚ PM ਮੋਦੀ ਦੀਆਂ ਮੁੱਖ ਗੱਲਾਂ
ਪੰਜਾਬ ਨਾਲ ਕੋਈ ਭੇਦਭਾਵ ਨਹੀਂ: PM ਮੋਦੀ ਨੇ ਕਿਹਾ ਕਿ ਭਾਵੇਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ, ਪਰ ਕੇਂਦਰ ਦੀ NDA ਸਰਕਾਰ ਪੰਜਾਬ ਦੇ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾ ਰਿਹਾ।
ਕਾਂਗਰਸ ‘ਤੇ ਰੇਲਵੇ ਨੂੰ ਲੈ ਕੇ ਨਿਸ਼ਾਨਾ: ਉਨ੍ਹਾਂ ਕਿਹਾ ਕਿ ਭਾਰਤੀ ਰੇਲ ਗਰੀਬ ਅਤੇ ਮੱਧ ਵਰਗ ਦੀ ਸਵਾਰੀ ਹੈ, ਪਰ 2014 ਤੋਂ ਪਹਿਲਾਂ ਕਾਂਗਰਸ ਸਰਕਾਰ ਸਿਰਫ਼ ਨਵੀਆਂ ਟ੍ਰੇਨਾਂ ਦੀਆਂ ਘੋਸ਼ਣਾਵਾਂ ਕਰਦੀ ਰਹੀ। ਰੇਲਵੇ ਸਟੇਸ਼ਨਾਂ ਦੀ ਹਾਲਤ ਬਦਤਰ ਸੀ ਅਤੇ ਅੰਗਰੇਜ਼ਾਂ ਦੇ ਸਮੇਂ ਦੇ ਸਟੇਸ਼ਨਾਂ ਦੀ ਵੀ ਕੋਈ ਸੁਧ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਰੇਲਵੇ ਵਿੱਚ ਜੋ ਵਿਕਾਸ ਅੱਜ ਹੋ ਰਿਹਾ ਹੈ, ਉਹ 30–40 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ।