Petrol Pump Close: ਮਿਡਲ ਈਸਟ ਜੰਗ ਕਾਰਨ ਦੁਨੀਆ ਭਰ ਉੱਪਰ ਡੂੰਘਾ ਅਸਰ ਪੈ ਰਿਹਾ ਹੈ। ਦੱਸ ਦੇਈਏ ਕਿ ਗੈਸ ਦੇ ਨਾਲ-ਨਾਲ ਹੁਣ ਜ਼ਿਆਦਾਤਰ ਦੇਸ਼ ਪੈਟਰੋਲ-ਡੀਜ਼ਲ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਇਸ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਸਲ ਵਿੱਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਵੀ ਤੇਲ ਦੀ ਭਾਰੀ ਕਿੱਲਤ ਕਾਰਨ ਹਾਹਾਕਾਰ ਮਚੀ ਹੋਈ ਹੈ। ਮੰਗਲਵਾਰ ਨੂੰ ਸ਼ਹਿਰ ਦੇ ਕਈ ਪੈਟਰੋਲ ਪੰਪ ਪੈਟਰੋਲ ਅਤੇ ਆਕਟੇਨ ਦੀ ਸਪਲਾਈ ਨਾ ਹੋਣ ਕਾਰਨ ਬੰਦ ਰਹੇ, ਜਿਸ ਕਾਰਨ ਵਾਹਨ ਚਾਲਕਾਂ ਨੂੰ ਤੇਲ ਦੀ ਭਾਲ ਵਿੱਚ ਇੱਧਰ-ਉੱਧਰ ਭਟਕਣਾ ਪਿਆ।
ਜਾਣੋ ਕਿਉਂ ਰੁਕੀ ਸਪਲਾਈ ?
ਤੇਲ ਸਟੇਸ਼ਨਾਂ ਦੇ ਪ੍ਰਬੰਧਕਾਂ ਅਨੁਸਾਰ ਤੇਲ ਦੀ ਸਪਲਾਈ ਵਿੱਚ ਦੇਰੀ ਦਾ ਮੁੱਖ ਕਾਰਨ ਪੇਮੈਂਟ ਪ੍ਰੋਸੈਸਿੰਗ ਵਿੱਚ ਆਈ ਰੁਕਾਵਟ ਹੈ। ਇੱਕ ਪੈਟਰੋਲ ਪੰਪ ਦੇ ਸਹਾਇਕ ਮੈਨੇਜਰ ਅਮੀਨੁਲ ਇਸਲਾਮ ਨੇ ਦੱਸਿਆ ਕਿ ਜਿਸ ਸਮੇਂ ਤੇਲ ਦੀ ਖੇਪ ਲਈ ਭੁਗਤਾਨ ਕਰਨਾ ਸੀ, ਉਸ ਸਮੇਂ ਬੈਂਕ ਬੰਦ ਹੋਣ ਕਾਰਨ ਪੇਮੈਂਟ ਨਹੀਂ ਹੋ ਸਕੀ, ਜਿਸ ਦੇ ਨਤੀਜੇ ਵਜੋਂ ਤੇਲ ਦੀ ਡਿਲੀਵਰੀ ਨਹੀਂ ਕੀਤੀ ਗਈ। ਹਾਲਾਂਕਿ ਬਾਅਦ ਵਿੱਚ ਭੁਗਤਾਨ ਕਰ ਦਿੱਤਾ ਗਿਆ, ਪਰ ਤੇਲ ਦੀ ਸਪਲਾਈ ਅਜੇ ਤੱਕ ਨਹੀਂ ਪਹੁੰਚੀ ਹੈ।
ਮੱਧ ਪੂਰਬ ਦੀ ਜੰਗ ਨੇ ਵਧਾਈ ਮੁਸੀਬਤ
ਸਰੋਤਾਂ ਅਨੁਸਾਰ ਪੱਛਮੀ ਏਸ਼ੀਆ (ਮੱਧ ਪੂਰਬ) ਵਿੱਚ ਜਾਰੀ ਸੰਘਰਸ਼ ਕਾਰਨ ਬੰਗਲਾਦੇਸ਼ ਵਿੱਚ ਤੇਲ ਦਾ ਸੰਕਟ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਿਆ ਹੈ। ਇਸ ਕਾਰਨ ਵੱਖ-ਵੱਖ ਫਿਊਲ ਸਟੇਸ਼ਨਾਂ ‘ਤੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਹਾਲਾਤ ਕਾਫ਼ੀ ਹਫੜਾ-ਦਫੜੀ ਵਾਲੇ ਬਣੇ ਹੋਏ ਹਨ। ਜਿੰਨੀ ਮਾਤਰਾ ਵਿੱਚ ਤੇਲ ਦੀ ਸਪਲਾਈ ਹੋਣੀ ਚਾਹੀਦੀ ਸੀ, ਉਹ ਨਹੀਂ ਹੋ ਰਹੀ, ਜਿਸ ਕਾਰਨ ਪੈਟਰੋਲ ਪੰਪ ਮਾਲਕਾਂ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ।
ਪੈਟਰੋਲ ਪੰਪ ਮਾਲਕਾਂ ਵੱਲੋਂ ਕੀਤੀ ਗਈ ਆਹ ਮੰਗ
ਇਸਦੇ ਨਾਲ ਹੀ ਸਥਿਤੀ ਨੂੰ ਵਿਗੜਦਾ ਦੇਖ ਪੈਟਰੋਲ ਪੰਪ ਮਾਲਕਾਂ ਨੇ ਸਰਕਾਰ ਤੋਂ ਪੰਪਾਂ ‘ਤੇ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਾਲਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਸੁਰੱਖਿਆ ਯਕੀਨੀ ਨਾ ਬਣਾਈ ਗਈ ਤਾਂ ਉਹ ਤੇਲ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਸਕਦੇ ਹਨ।
ਹੋਰ ਪੜ੍ਹੋ