Nominee Rules : ਅੱਜ ਦੇ ਸਮੇਂ ਵਿੱਚ ਲੋਕ ਆਪਣੀ ਕਮਾਈ ਵਿੱਚੋਂ ਪੈਸੇ ਬਚਾ ਕੇ ਵੱਖ-ਵੱਖ ਥਾਵਾਂ ‘ਤੇ ਨਿਵੇਸ਼ ਕਰਦੇ ਹਨ। ਕੋਈ ਬੈਂਕ ਦੀ FD ਵਿੱਚ ਪੈਸੇ ਜਮ੍ਹਾਂ ਕਰਵਾਉਂਦਾ ਹੈ, ਕੋਈ ਮਿਊਚੁਅਲ ਫੰਡ (Mutual Fund) ਵਿੱਚ ਨਿਵੇਸ਼ ਕਰਦਾ ਹੈ ਅਤੇ ਕਈ ਲੋਕ ਸ਼ੇਅਰ ਬਾਜ਼ਾਰ ਜਾਂ ਪੋਸਟ ਆਫਿਸ ਦੀਆਂ ਸਕੀਮਾਂ ਵਿੱਚ ਪੈਸਾ ਲਗਾਉਂਦੇ ਹਨ।
ਪਰ ਸੋਚੋ ਜੇਕਰ ਕਿਸੇ ਨਿਵੇਸ਼ਕ ਦੀ ਅਚਾਨਕ ਮੌਤ ਹੋ ਜਾਵੇ ਅਤੇ ਉਸ ਨੇ ਨਾ ਤਾਂ ਕੋਈ ਵਸੀਅਤ (Will) ਬਣਾਈ ਹੋਵੇ ਅਤੇ ਨਾ ਹੀ ਆਪਣੇ ਖਾਤਿਆਂ ਵਿੱਚ ਕਿਸੇ ਨੂੰ ਨੌਮਿਨੀ (Nominee) ਬਣਾਇਆ ਹੋਵੇ ਤਾਂ ਕੀ ਉਸ ਦਾ ਪੈਸਾ ਪਰਿਵਾਰ ਨੂੰ ਮਿਲ ਸਕਦਾ ਹੈ? ਇਸ ਦਾ ਜਵਾਬ ਹਾਂ ਹੈ। ਅਜਿਹੀ ਸਥਿਤੀ ਵਿੱਚ ਵੀ ਪਰਿਵਾਰ ਦੇ ਕਾਨੂੰਨੀ ਵਾਰਸ ਨਿਵੇਸ਼ ਦੀ ਰਕਮ ‘ਤੇ ਆਪਣਾ ਦਾਅਵਾ ਕਰ ਸਕਦੇ ਹਨ। ਹਾਲਾਂਕਿ ਇਸ ਲਈ ਕੁਝ ਜ਼ਰੂਰੀ ਦਸਤਾਵੇਜ਼ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨੀ ਪੈਂਦੀ ਹੈ।
FD ਦਾ ਪੈਸਾ ਕਿਵੇਂ ਮਿਲੇਗਾ?
ਜੇਕਰ ਕਿਸੇ ਵਿਅਕਤੀ ਨੇ ਬੈਂਕ ਦੀ ਫਿਕਸਡ ਡਿਪਾਜ਼ਿਟ (FD) ਵਿੱਚ ਪੈਸੇ ਜਮ੍ਹਾਂ ਕਰਵਾਏ ਹਨ ਅਤੇ ਨੌਮਿਨੀ ਨਹੀਂ ਬਣਾਇਆ ਤਾਂ ਉਸ ਦੇ ਕਾਨੂੰਨੀ ਵਾਰਸ ਬੈਂਕ ਵਿੱਚ ਦਾਅਵਾ ਪੇਸ਼ ਕਰ ਸਕਦੇ ਹਨ। ਇਸ ਲਈ ਬੈਂਕ ਵੱਲੋਂ ਕਲੇਮ ਫਾਰਮ, ਮੌਤ ਦਾ ਸਰਟੀਫਿਕੇਟ, ਕਾਨੂੰਨੀ ਵਾਰਸਾਂ ਦੀ ਜਾਣਕਾਰੀ ਅਤੇ ਇੰਡੈਮਨਿਟੀ ਬਾਂਡ ਵਰਗੇ ਦਸਤਾਵੇਜ਼ ਮੰਗੇ ਜਾ ਸਕਦੇ ਹਨ। ਕੁਝ ਮਾਮਲਿਆਂ ਵਿੱਚ ਬੈਂਕ ਨਿਰਧਾਰਤ ਸ਼ਰਤਾਂ ਤਹਿਤ ਬਿਨਾਂ ਸਕਸੈਸ਼ਨ ਸਰਟੀਫਿਕੇਟ ਦੇ ਵੀ ਕਲੇਮ ਦਾ ਨਿਪਟਾਰਾ ਕਰ ਸਕਦੇ ਹਨ।
ਮਿਊਚੁਅਲ ਫੰਡ ਦਾ ਪੈਸਾ ਕਿਵੇਂ ਮਿਲੇਗਾ?
ਜੇਕਰ ਮ੍ਰਿਤਕ ਵਿਅਕਤੀ ਨੇ ਮਿਊਚੁਅਲ ਫੰਡ ਵਿੱਚ ਨਿਵੇਸ਼ ਕੀਤਾ ਸੀ ਤਾਂ ਪਰਿਵਾਰ ਦੇ ਕਾਨੂੰਨੀ ਵਾਰਸ ਸਬੰਧਤ ਐਸੇਟ ਮੈਨੇਜਮੈਂਟ ਕੰਪਨੀ (AMC) ਨਾਲ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਮੌਤ ਦਾ ਸਰਟੀਫਿਕੇਟ, ਪਛਾਣ ਪੱਤਰ, ਐਡਰੈੱਸ ਪਰੂਫ਼ ਅਤੇ ਹੋਰ ਕਾਨੂੰਨੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈ ਸਕਦੇ ਹਨ। ਲੋੜ ਪੈਣ ‘ਤੇ ਦੂਜੇ ਕਾਨੂੰਨੀ ਵਾਰਸਾਂ ਦੀ NOC ਵੀ ਮੰਗੀ ਜਾ ਸਕਦੀ ਹੈ।
ਸ਼ੇਅਰਾਂ ਦਾ ਪੈਸਾ ਕਿਵੇਂ ਮਿਲੇਗਾ?
ਜੇਕਰ ਕਿਸੇ ਵਿਅਕਤੀ ਨੇ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕੀਤਾ ਹੋਇਆ ਹੈ ਤਾਂ ਉਸ ਦੀ ਮੌਤ ਤੋਂ ਬਾਅਦ ਕਾਨੂੰਨੀ ਵਾਰਸ ਸ਼ੇਅਰ ਆਪਣੇ ਨਾਮ ਟਰਾਂਸਫਰ ਕਰਵਾਉਣ ਲਈ ਸਬੰਧਤ ਡਿਪਾਜ਼ਟਰੀ ਪਾਰਟੀਸਿਪੈਂਟ (DP) ਜਾਂ ਡਿਪਾਜ਼ਟਰੀ ਨਾਲ ਸੰਪਰਕ ਕਰ ਸਕਦੇ ਹਨ।
ਇਸ ਲਈ ਹੇਠ ਲਿਖੇ ਦਸਤਾਵੇਜ਼ਾਂ ਦੀ ਲੋੜ ਪੈ ਸਕਦੀ ਹੈ:
– ਮੌਤ ਦਾ ਸਰਟੀਫਿਕੇਟ।
– ਪਛਾਣ ਪੱਤਰ ਅਤੇ ਐਡਰੈੱਸ ਪਰੂਫ਼।
– ਟਰਾਂਸਮਿਸ਼ਨ ਫਾਰਮ।
– ਇੰਡੈਮਨਿਟੀ ਬਾਂਡ।
– ਹੋਰ ਕਾਨੂੰਨੀ ਵਾਰਸਾਂ ਦੀ NOC।
– ਲੋੜ ਅਨੁਸਾਰ ਕਾਨੂੰਨੀ ਵਾਰਸ ਹੋਣ ਦਾ ਸਬੂਤ।
ਕਦੋਂ ਆ ਸਕਦੀ ਹੈ ਪਰੇਸ਼ਾਨੀ?
ਜੇਕਰ ਪਰਿਵਾਰ ਦੇ ਮੈਂਬਰਾਂ ਵਿਚਕਾਰ ਪੈਸੇ ਦੀ ਵੰਡ ਨੂੰ ਲੈ ਕੇ ਸਹਿਮਤੀ ਨਹੀਂ ਬਣਦੀ ਤਾਂ ਬੈਂਕ ਜਾਂ ਸਬੰਧਤ ਸੰਸਥਾ ਪੈਸਾ ਟਰਾਂਸਫਰ ਕਰਨ ਦੀ ਪ੍ਰਕਿਰਿਆ ਰੋਕ ਸਕਦੀ ਹੈ। ਅਜਿਹੀ ਸਥਿਤੀ ਵਿੱਚ ਸਕਸੈਸ਼ਨ ਸਰਟੀਫਿਕੇਟ ਜਾਂ ਅਦਾਲਤ ਦੇ ਹੁਕਮ ਦੀ ਲੋੜ ਪੈ ਸਕਦੀ ਹੈ।
ਅੱਜ ਹੀ ਕਰ ਲਓ ਇਹ 3 ਜ਼ਰੂਰੀ ਕੰਮ
1. ਆਪਣੀ ਵਸੀਅਤ (Will) ਬਣਵਾ ਕੇ ਰੱਖੋ।
2. ਬੈਂਕ ਖਾਤਿਆਂ ਅਤੇ ਨਿਵੇਸ਼ਾਂ ਵਿੱਚ ਨੌਮਿਨੀ ਜ਼ਰੂਰ ਜੋੜੋ।
3. ਤੁਸੀਂ ਕਿੱਥੇ ਅਤੇ ਕਿੰਨੇ ਪੈਸੇ ਨਿਵੇਸ਼ ਕੀਤੇ ਹਨ, ਇਸ ਦੀ ਜਾਣਕਾਰੀ ਆਪਣੇ ਪਰਿਵਾਰ ਨਾਲ ਸਾਂਝੀ ਕਰੋ।