Moga Murder News : ਮੋਗਾ ਜ਼ਿਲ੍ਹੇ ਦੇ ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਇੱਕ ਪਿੰਡ ਵਿੱਚ ਖੇਤ ਨਾਲ ਜੁੜੇ ਵਿਵਾਦ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਜਾਮੁਨ ਦਾ ਰੁੱਖ ਕੱਟਣ ਤੋਂ ਰੋਕਣ ‘ਤੇ ਸ਼ੁਰੂ ਹੋਇਆ ਛੋਟਾ ਜਿਹਾ ਝਗੜਾ ਇਸ ਕਦਰ ਵੱਧ ਗਿਆ ਕਿ ਹਮਲਾਵਰਾਂ ਨੇ ਸ਼ਿਕਾਇਤਕਰਤਾ ਦੀ ਲਾਇਸੈਂਸੀ ਰਾਈਫਲ ਖੋਹ ਕੇ ਉਸ ਦੇ ਨੌਜਵਾਨ ਪੁੱਤ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁੰਨਰ ਬਸਤੀ (ਬੁੱਟਰ ਕਲਾਂ) ਦੇ ਰਹਿਣ ਵਾਲੇ ਜਗਰੂਪ ਸਿੰਘ ਪੁੱਤਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੇ ਚਾਚਾ ਸਤਨਾਮ ਸਿੰਘ ਪਿੰਡ ਦੇ ਹੀ ਨੱਛੱਤਰ ਸਿੰਘ ਦੀ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦੇ ਹਨ। ਉਨ੍ਹਾਂ ਦੇ ਨਾਲ ਲੱਗਦੇ ਖੇਤ ਵਿੱਚ ਕੁਝ ਲੋਕ ਝੋਨਾ ਲਗਾਉਣ ਆਏ ਹੋਏ ਸਨ। ਇਸ ਦੌਰਾਨ ਉਹ ਖੇਤ ਕੋਲ ਲੱਗੇ ਜਾਮੁਨ ਦੇ ਰੁੱਖ ਨੂੰ ਕੱਟਣ ਲੱਗ ਪਏ।
ਚਾਚੇ ਨਾਲ ਕੁੱਟਮਾਰ ਦੀ ਸੂਚਨਾ ਮਿਲਣ ‘ਤੇ ਰਾਈਫਲ ਲੈ ਕੇ ਖੇਤ ਪਹੁੰਚੇ
ਜਦੋਂ ਚਾਚਾ ਸਤਨਾਮ ਸਿੰਘ ਨੇ ਉਨ੍ਹਾਂ ਨੂੰ ਹਰਾ-ਭਰਾ ਰੁੱਖ ਕੱਟਣ ਤੋਂ ਰੋਕਿਆ ਤਾਂ ਮੁਲਜ਼ਮਾਂ ਨੇ ਗਾਲ੍ਹਾਂ ਕੱਢਦਿਆਂ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਸਤਨਾਮ ਸਿੰਘ ਕਿਸੇ ਤਰ੍ਹਾਂ ਉੱਥੋਂ ਬਚ ਕੇ ਘਰ ਆਏ ਅਤੇ ਸਾਰੀ ਘਟਨਾ ਜਗਰੂਪ ਸਿੰਘ ਨੂੰ ਦੱਸੀ। ਇਸ ਤੋਂ ਬਾਅਦ ਜਗਰੂਪ ਸਿੰਘ ਆਪਣੀ ਸੁਰੱਖਿਆ ਲਈ ਆਪਣੀ ਲਾਇਸੈਂਸੀ 12 ਬੋਰ ਰਾਈਫਲ ਲੈ ਕੇ ਖੇਤ ਵੱਲ ਚਲੇ ਗਏ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਪੁੱਤ ਹਰਸਦੀਪ ਸਿੰਘ ਵੀ ਸੀ।
ਜਿਵੇਂ ਹੀ ਉਹ ਖੇਤ ਵਿੱਚ ਪਹੁੰਚੇ ਤਾਂ ਮੁਲਜ਼ਮਾਂ ਨੇ ਹਮਲਾ ਕਰਕੇ ਜਗਰੂਪ ਸਿੰਘ ਦੇ ਹੱਥੋਂ ਰਾਈਫਲ ਖੋਹ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਜਾਨੋਂ ਮਾਰਣ ਦੀ ਨੀਅਤ ਨਾਲ ਹਰਸਦੀਪ ਸਿੰਘ ‘ਤੇ ਗੋਲੀ ਚਲਾ ਦਿੱਤੀ। ਗੋਲੀ ਸਿੱਧੀ ਉਸ ਦੇ ਪੇਟ ਵਿੱਚ ਲੱਗੀ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ ‘ਤੇ ਡਿੱਗ ਪਿਆ।
ਹਸਪਤਾਲ ਵਿੱਚ ਇਲਾਜ ਦੌਰਾਨ ਮੌਤ
ਗੰਭੀਰ ਰੂਪ ਵਿੱਚ ਜ਼ਖ਼ਮੀ ਹਰਸਦੀਪ ਸਿੰਘ ਨੂੰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਤੁਰੰਤ ਮੋਗਾ ਦੇ ਮੇਡੀਸਿਟੀ ਹਸਪਤਾਲ ਲਿਜਾਇਆ ਗਿਆ, ਪਰ ਗੰਭੀਰ ਸੱਟ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।
ਥਾਣਾ ਬੱਧਨੀ ਕਲਾਂ ਦੇ ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਫ਼ਰਾਰ ਹੋ ਰਹੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਜੋਰਾ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਦਾਰਾ ਸਿੰਘ ਪੁੱਤਰ ਸਤਨਾਮ ਸਿੰਘ, ਵਾਸੀ 11-ਏ, ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਵਜੋਂ ਹੋਈ ਹੈ।
ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਕਤਲ ਸਮੇਤ ਵੱਖ-ਵੱਖ ਧਾਰਾਵਾਂ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹਥਿਆਰ ਦੀ ਬਰਾਮਦਗੀ ਅਤੇ ਮਾਮਲੇ ਦੀ ਅਗਲੀ ਜਾਂਚ ਵਿੱਚ ਜੁਟੀ ਹੋਈ ਹੈ।
‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ