Maharaja Ranjit Singh ਜੀ ਦੀ ਬਰਸੀ ਮੌਕੇ ਪਾਕਿਸਤਾਨ ਗਏ ਸ਼ਰਧਾਲੂ ਪਰਤੇ, ਗੁਰਦੁਆਰਿਆਂ ਦੇ ਦਰਸ਼ਨ ਕਰ ਜਤਾਈ ਖੁਸ਼ੀ 

Must read


Sikh Pilgrims Jatha : ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ-ਵਾਘਾ ਸਰਹੱਦ ਰਾਹੀਂ ਭਾਰਤ ਵਾਪਸ ਪਰਤ ਆਇਆ। ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੇ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਸਮੇਤ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਭਾਰਤ ਪਰਤਣ ‘ਤੇ ਸ਼ਰਧਾਲੂਆਂ ਦੇ ਚਿਹਰਿਆਂ ‘ਤੇ ਆਤਮਿਕ ਸੰਤੁਸ਼ਟੀ ਅਤੇ ਖੁਸ਼ੀ ਸਾਫ਼ ਨਜ਼ਰ ਆਈ।

ਸ਼ਰਧਾਲੂਆਂ ਨੇ ਦੱਸਿਆ ਕਿ ਇਹ ਯਾਤਰਾ ਉਨ੍ਹਾਂ ਲਈ ਬਹੁਤ ਹੀ ਭਾਵੁਕ ਅਤੇ ਯਾਦਗਾਰ ਰਹੀ। ਅੰਮ੍ਰਿਤਸਰ ਦੇ ਸ਼ਰਧਾਲੂ ਬਲਵੀਰ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕੀਤੇ।

ਇਸ ਤੋਂ ਬਾਅਦ ਉਨ੍ਹਾਂ ਨੂੰ ਸ੍ਰੀ ਪੰਜਾ ਸਾਹਿਬ, ਲਾਹੌਰ ਸਥਿਤ ਹੋਰ ਇਤਿਹਾਸਕ ਗੁਰਦੁਆਰਿਆਂ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਵਿੱਤਰ ਅਸਥਾਨਾਂ ‘ਤੇ ਪਹੁੰਚ ਕੇ ਮਨ ਨੂੰ ਡੂੰਘੀ ਸ਼ਾਂਤੀ ਅਤੇ ਆਤਮਿਕ ਅਨੁਭਵ ਪ੍ਰਾਪਤ ਹੋਇਆ।

 ਪਾਕਿਸਤਾਨ ਵਿੱਚ ਪ੍ਰਬੰਧਾਂ ਅਤੇ ਸੁਰੱਖਿਆ ਦੀ ਕੀਤੀ ਸ਼ਲਾਘਾ 

ਸ਼ਰਧਾਲੂਆਂ ਨੇ ਪਾਕਿਸਤਾਨ ਵਿੱਚ ਕੀਤੇ ਗਏ ਪ੍ਰਬੰਧਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਪੂਰੀ ਯਾਤਰਾ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਸਨ ਅਤੇ ਹਰ ਸਮੇਂ ਸੁਰੱਖਿਆ ਕਰਮਚਾਰੀ ਉਨ੍ਹਾਂ ਦੇ ਨਾਲ ਰਹੇ। ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਉੱਥੋਂ ਦੇ ਲੋਕਾਂ ਨੇ ਉਨ੍ਹਾਂ ਨਾਲ ਪਿਆਰ, ਸਤਿਕਾਰ ਅਤੇ ਪੂਰਾ ਸਹਿਯੋਗ ਦਿੱਤਾ, ਜਿਸ ਕਾਰਨ ਇਹ ਯਾਤਰਾ ਹੋਰ ਵੀ ਸੁਖਦਾਈ ਬਣ ਗਈ।

ਇੱਕ ਹੋਰ ਸ਼ਰਧਾਲੂ ਹਰਜੀਤ ਕੌਰ ਨੇ ਦੱਸਿਆ ਕਿ ਇਹ ਜਥਾ 21 ਜੂਨ ਨੂੰ ਪਾਕਿਸਤਾਨ ਗਿਆ ਸੀ ਅਤੇ 30 ਜੂਨ ਨੂੰ ਵਾਪਸ ਪਰਤਿਆ। ਉਨ੍ਹਾਂ ਕਿਹਾ ਕਿ ਇਸ ਯਾਤਰਾ ਰਾਹੀਂ ਉਨ੍ਹਾਂ ਦੀ ਸਾਲਾਂ ਪੁਰਾਣੀ ਮਨੋਕਾਮਨਾ ਪੂਰੀ ਹੋ ਗਈ। ਪਵਿੱਤਰ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਅਤੇ ਆਤਮਿਕ ਸੰਤੁਸ਼ਟੀ ਮਿਲੀ।

 ਵੀਜ਼ਾ ਪ੍ਰਕਿਰਿਆ ਆਸਾਨ ਬਣਾਉਣ ਦੀ ਕੀਤੀ ਅਪੀਲ 

ਸ਼ਰਧਾਲੂਆਂ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਧਾਰਮਿਕ ਯਾਤਰਾਵਾਂ ਨੂੰ ਹੋਰ ਸੁਗਮ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ ਤਾਂ ਜੋ ਉਹ ਆਪਣੇ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਣ। ਇਸ ਨਾਲ ਦੋਵੇਂ ਦੇਸ਼ਾਂ ਵਿਚਕਾਰ ਆਪਸੀ ਪਿਆਰ, ਭਾਈਚਾਰਾ ਅਤੇ ਸੱਭਿਆਚਾਰਕ ਰਿਸ਼ਤੇ ਹੋਰ ਮਜ਼ਬੂਤ ਹੋਣਗੇ।

 ਸਾਂਝੀ ਵਿਰਾਸਤ ਦੀ ਸੰਭਾਲ ਲਈ ਹੋਣ ਹੋਰ ਯਤਨ 

ਸ਼ਰਧਾਲੂਆਂ ਨੇ ਕਿਹਾ ਕਿ ਸਾਂਝੀ ਵਿਰਾਸਤ ਦੀ ਸੰਭਾਲ ਅਤੇ ਦੋਵੇਂ ਦੇਸ਼ਾਂ ਦੇ ਲੋਕਾਂ ਵਿਚਕਾਰ ਭਰੋਸਾ ਵਧਾਉਣ ਲਈ ਸਰਹੱਦ ਪਾਰ ਧਾਰਮਿਕ ਯਾਤਰਾਵਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਧਾਰਮਿਕ ਸਮਾਗਮ ਨਾ ਸਿਰਫ਼ ਆਤਮਿਕ ਲਾਭ ਦਿੰਦੇ ਹਨ, ਸਗੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ, ਸਦਭਾਵਨਾ ਅਤੇ ਆਪਸੀ ਸਾਂਝ ਦਾ ਸੰਦੇਸ਼ ਵੀ ਫੈਲਾਉਂਦੇ ਹਨ।



News Source link

- Advertisement -

More articles

- Advertisement -

Latest article