Ludhiana Bride Fraud :ਲੁਧਿਆਣਾ ਵਿੱਚ ਸੋਸ਼ਲ ਮੀਡੀਆ (Social Media) ਰਾਹੀਂ ਵਿਦੇਸ਼ ਦੀ ਪੀਆਰ (PR) ਦਾ ਝਾਂਸਾ ਦੇ ਕੇ ਵਿਆਹ ਕਰਨ ਅਤੇ ਬਾਅਦ ਵਿੱਚ ਸਹੁਰੇ ਘਰੋਂ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਮੁਤਾਬਕ ਮੁਲਜ਼ਮ ਲੜਕੀ ਨੇ ਫਰਜ਼ੀ ਕੈਨੇਡਾ ਪੀਆਰ ਕਾਰਡ ਦਿਖਾ ਕੇ ਪਰਿਵਾਰ ਨੂੰ ਭਰੋਸੇ ਵਿੱਚ ਲਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫੇਸਬੁੱਕ ‘ਤੇ ਹੋਈ ਸੀ ਗੱਲਬਾਤ
ਪਿੰਡ ਬੀਰਮੀ ਵਾਸੀ ਗਗਨਦੀਪ ਸਿੰਘ ਦੀ ਦਸੰਬਰ 2025 ਵਿੱਚ ਫੇਸਬੁੱਕ ਰਾਹੀਂ ਹਰਦੀਪ ਕੌਰ ਨਾਲ ਗੱਲਬਾਤ ਸ਼ੁਰੂ ਹੋਈ ਸੀ। ਲੜਕੀ ਨੇ ਗਗਨਦੀਪ ਅਤੇ ਉਸਦੇ ਪਰਿਵਾਰ ਨੂੰ ਦੱਸਿਆ ਕਿ ਉਹ ਕੈਨੇਡਾ ਵਿੱਚ ਰਹਿੰਦੀ ਹੈ ਅਤੇ ਉਸ ਕੋਲ ਪੀਆਰ ਹੈ। ਪਰਿਵਾਰ ਨੂੰ ਯਕੀਨ ਦਿਵਾਉਣ ਲਈ ਉਸ ਵੱਲੋਂ ਕੈਨੇਡਾ ਦੇ ਪੀਆਰ ਕਾਰਡ ਦੀ ਕਾਪੀ ਵੀ ਦਿਖਾਈ ਗਈ, ਜੋ ਬਾਅਦ ਵਿੱਚ ਫਰਜ਼ੀ ਦੱਸੀ ਗਈ। ਲੜਕੀ ਨੇ ਵਿਆਹ ਤੋਂ ਬਾਅਦ ਗਗਨਦੀਪ ਨੂੰ ਵੀ ਕੈਨੇਡਾ ਲਿਜਾਣ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਪਰਿਵਾਰ ਨੇ ਰਿਸ਼ਤੇ ਲਈ ਸਹਿਮਤੀ ਦੇ ਦਿੱਤੀ।
ਪਲਾਟ ਵੇਚ ਕੇ ਇਕੱਠੇ ਕੀਤੇ 8 ਲੱਖ ਰੁਪਏ
ਪਰਿਵਾਰ ਨੇ ਪੁੱਤਰ ਦੇ ਵਿਆਹ ਲਈ ਆਪਣਾ ਇੱਕ ਪਲਾਟ 8 ਲੱਖ ਰੁਪਏ ਵਿੱਚ ਵੇਚ ਦਿੱਤਾ। ਲੜਕੀ ਦੇ ਪਰਿਵਾਰ ਤੋਂ ਦਾਜ ਨਹੀਂ ਲਿਆ ਗਿਆ। ਇਸ ਦੀ ਬਜਾਏ ਫਗਵਾੜਾ ਰਹਿੰਦੀ ਲੜਕੀ ਲਈ ਵਿਆਹ ਦਾ ਮਹਿੰਗਾ ਸਾਮਾਨ ਅਤੇ ਕੱਪੜੇ ‘ਆਸ਼ੂ ਦੀ ਹੱਟੀ’ ਤੋਂ ਖਰੀਦੇ ਗਏ।
8 ਅਪ੍ਰੈਲ ਨੂੰ ਹੋਇਆ ਵਿਆਹ, 3 ਦਿਨ ਬਾਅਦ ਮਿਲੀ ਜਾਣਕਾਰੀ
ਗਗਨਦੀਪ ਅਤੇ ਹਰਦੀਪ ਕੌਰ ਦਾ ਵਿਆਹ 8 ਅਪ੍ਰੈਲ 2026 ਨੂੰ ਹੋਇਆ ਸੀ। ਪੀੜਤ ਪਰਿਵਾਰ ਮੁਤਾਬਕ ਵਿਆਹ ਤੋਂ ਸਿਰਫ਼ ਤਿੰਨ ਦਿਨ ਬਾਅਦ ਗਗਨਦੀਪ ਨੂੰ ਆਸ-ਪਾਸ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਹਰਦੀਪ ਕੌਰ ਦਾ ਇਹ ਤੀਜਾ ਵਿਆਹ ਹੈ। ਆਰੋਪ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਇਸੇ ਤਰ੍ਹਾਂ ਦੋ ਵਿਆਹ ਕਰ ਚੁੱਕੀ ਸੀ।
14 ਅਪ੍ਰੈਲ ਨੂੰ ਘਰੋਂ ਨਕਦੀ ਤੇ ਗਹਿਣੇ ਲੈ ਕੇ ਫਰਾਰ
ਪਰਿਵਾਰ ਮੁਤਾਬਕ 11 ਅਪ੍ਰੈਲ ਨੂੰ ਹਰਦੀਪ ਕੌਰ ਰਸਮਾਂ ਲਈ ਆਪਣੇ ਪੇਕੇ ਘਰ ਚਲੀ ਗਈ। ਇਸ ਤੋਂ ਬਾਅਦ 14 ਅਪ੍ਰੈਲ ਨੂੰ ਉਹ ਸਹੁਰੇ ਘਰ ਵਾਪਸ ਆਈ ਅਤੇ ਕਥਿਤ ਤੌਰ ‘ਤੇ 80 ਹਜ਼ਾਰ ਰੁਪਏ ਦੀ ਨਕਦੀ, ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਈ। ਜਦੋਂ ਪਰਿਵਾਰ ਨੇ ਅਲਮਾਰੀ ਅਤੇ ਲਾਕਰ ਚੈੱਕ ਕੀਤੇ ਤਾਂ ਸਾਮਾਨ ਗਾਇਬ ਸੀ।
ਪੁਲਿਸ ਨੇ ਪੂਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕੀਤਾ
ਧੋਖਾਧੜੀ ਤੋਂ ਬਾਅਦ ਗਗਨਦੀਪ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ 21 ਸਤੰਬਰ 2026 ਨੂੰ ਥਾਣਾ ਪੀ.ਏ.ਯੂ. ਵਿੱਚ ਹਰਦੀਪ ਕੌਰ ਸਮੇਤ ਉਸਦੇ ਪਿਤਾ ਨਛੱਤਰ ਸਿੰਘ, ਮਾਂ ਪਰਮਜੀਤ ਕੌਰ ਅਤੇ ਭਰਾਵਾਂ ਕਮਲਜੀਤ ਤੇ ਇੰਦਰਜੀਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਦੀ ਭਾਲ ਲਈ ਸੰਭਾਵਿਤ ਠਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ।