Water Cannon boy Navdeep Jalbera : ਕਿਸਾਨ ਅੰਦੋਲਨ ਦੌਰਾਨ “ਵਾਟਰ ਕੈਨਨ ਬੋਏ” ਦੇ ਨਾਂ ਨਾਲ ਮਸ਼ਹੂਰ ਹੋਏ ਨਵਦੀਪ ਸਿੰਘ ਜਲਬੇੜਾ 8 ਮਹੀਨੇ ਪੁਰਾਣੇ ਮਾਮਲੇ ਵਿੱਚ ਪੁਲਿਸ ਜਾਂਚ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਬ੍ਰਾਹਮਣ ਸਮਾਜ ਖ਼ਿਲਾਫ਼ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ਾਂ ਹੇਠ ਉਨ੍ਹਾਂ ਖ਼ਿਲਾਫ਼ ਲੁਧਿਆਣਾ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।
ਨਵਦੀਪ ਸਿੰਘ ਜਲਬੇੜਾ ਇੱਕ ਦਿਨ ਪਹਿਲਾਂ ਆਪਣੇ ਵਕੀਲ ਨਾਲ ਥਾਣਾ ਡਿਵੀਜ਼ਨ ਨੰਬਰ-2 ਅਧੀਨ ਪੁਲਿਸ ਚੌਕੀ ਜਨਕਪੁਰੀ ਪਹੁੰਚੇ। ਉਨ੍ਹਾਂ ਪੁਲਿਸ ਨੂੰ ਆਪਣੀ ਜ਼ਮਾਨਤ ਸਬੰਧੀ ਦਸਤਾਵੇਜ਼ ਸੌਂਪੇ ਅਤੇ ਜਾਂਚ ਵਿੱਚ ਸ਼ਾਮਲ ਹੋਏ। ਪੁਲਿਸ ਹੁਣ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।
ਬ੍ਰਾਹਮਣ ਕਲਿਆਣ ਬੋਰਡ ਦੇ ਪ੍ਰਧਾਨ ਪੰਕਜ ਸ਼ਾਰਦਾ ਨੇ ਰਾਜੀਵ ਸ਼ਰਮਾ, ਪਾਲੀ ਸਹਿਜਪਾਲ, ਪੰਡਿਤ ਰਾਜਨ ਸ਼ਰਮਾ ਅਤੇ ਹੋਰ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮਿਲ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਆਰੋਪ ਲਾਇਆ ਗਿਆ ਕਿ ਜਲਬੇੜਾ ਨੇ ਮੰਚ ਤੋਂ ਬ੍ਰਾਹਮਣ ਸਮਾਜ ਖ਼ਿਲਾਫ਼ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ, ਜਿਸ ਨਾਲ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ।
ਗ੍ਰਿਫ਼ਤਾਰੀ ਲਈ ਹਰਿਆਣਾ ਵਿੱਚ ਕੀਤੀ ਗਈ ਸੀ ਛਾਪੇਮਾਰੀ
ਪੁਲਿਸ ਚੌਕੀ ਜਨਕਪੁਰੀ ਦੇ ਇੰਚਾਰਜ ਸਬ-ਇੰਸਪੈਕਟਰ ਧਰਮਪਾਲ ਨੇ ਦੱਸਿਆ ਕਿ ਨਵਦੀਪ ਸਿੰਘ ਜਲਬੇੜਾ ਨੂੰ 16 ਜੁਲਾਈ ਨੂੰ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਚੁੱਕੀ ਹੈ। ਹੁਣ ਉਹ ਪੁਲਿਸ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 8 ਮਹੀਨਿਆਂ ਦੌਰਾਨ ਪੁਲਿਸ ਟੀਮ ਨੇ ਹਰਿਆਣਾ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਪਰ ਨਵਦੀਪ ਪੁਲਿਸ ਦੀ ਗ੍ਰਿਫ਼ਤ ਵਿੱਚ ਨਹੀਂ ਆਏ ਸਨ।
ਇਸ ਬਿਆਨ ਨੂੰ ਲੈ ਕੇ ਹੋਇਆ ਸੀ ਵਿਵਾਦ
ਪੰਜਾਬ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਦੌਰਾਨ ਨਵਦੀਪ ਨੇ ਕਿਹਾ ਸੀ, “ਪੂਰੇ ਪੰਜਾਬ ਉੱਤੇ ਦਿੱਲੀ ਦਾ ਗੰਦਾ ਰਾਜ ਨਹੀਂ ਚੱਲੇਗਾ। ਪਾਖੰਡੀ ਬ੍ਰਾਹਮਣ ਦਾ ਰਾਜ ਨਹੀਂ ਚੱਲੇਗਾ। ਪੰਜਾਬ ‘ਤੇ ਸਿਰਫ਼ ਬਾਬਾ ਨਾਨਕ ਦਾ ਰਾਜ ਚੱਲੇਗਾ।” ਸ਼ਿਕਾਇਤਕਰਤਾਵਾਂ ਨੇ “ਪਾਖੰਡੀ ਬ੍ਰਾਹਮਣ” ਸ਼ਬਦਾਂ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਹ ਪੂਰੇ ਬ੍ਰਾਹਮਣ ਸਮਾਜ ਦਾ ਅਪਮਾਨ ਹੈ।
ਕਿਵੇਂ ਬਣੇ ‘ਵਾਟਰ ਕੈਨਨ ਬੋਏ’
ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਜਲਬੇੜਾ ਪਿੰਡ ਦੇ ਰਹਿਣ ਵਾਲੇ ਨਵਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਨਾਲ ਜੁੜੇ ਹੋਏ ਹਨ। ਕਿਸਾਨ ਅੰਦੋਲਨ ਦੌਰਾਨ ਸ਼ੰਭੂ ਬਾਰਡਰ ‘ਤੇ ਪੁਲਿਸ ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਨ ਦੀ ਵਰਤੋਂ ਕਰ ਰਹੀ ਸੀ। ਇਸ ਦੌਰਾਨ ਨਵਦੀਪ ਬੈਰੀਕੇਡ ਪਾਰ ਕਰਕੇ ਪੁਲਿਸ ਦੇ ਵਾਹਨ ‘ਤੇ ਚੜ੍ਹ ਗਏ ਅਤੇ ਵਾਟਰ ਕੈਨਨ ਦੀ ਦਿਸ਼ਾ ਕਿਸਾਨਾਂ ਵੱਲੋਂ ਹਟਾ ਕੇ ਪੁਲਿਸ ਵੱਲ ਮੋੜ ਦਿੱਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ, ਜਿਸ ਤੋਂ ਬਾਅਦ ਉਹ ਦੇਸ਼ ਭਰ ਵਿੱਚ “ਵਾਟਰ ਕੈਨਨ ਬੋਏ” ਦੇ ਨਾਂ ਨਾਲ ਮਸ਼ਹੂਰ ਹੋ ਗਏ।