Ludhiana Army Jawan Death : ਲੁਧਿਆਣਾ ਦੇ ਜਗਰਾਓਂ ਨੇੜਲੇ ਪਿੰਡ ਗਗੜਾ ਦੇ ਰਹਿਣ ਵਾਲੇ ਭਾਰਤੀ ਫੌਜ ਦੇ ਇੱਕ ਜਵਾਨ ਦੀ ਦਿੱਲੀ ਵਿੱਚ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ਹੋ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਸਵੇਰੇ ਦਿੱਲੀ ਤੋਂ ਉਨ੍ਹਾਂ ਦੇ ਪਿੰਡ ਪਹੁੰਚੇਗੀ, ਜਿਸ ਤੋਂ ਬਾਅਦ ਪੂਰੇ ਫੌਜੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਜਿਵੇਂ ਹੀ ਜਵਾਨ ਦੀ ਸ਼ਹਾਦਤ ਦੀ ਖ਼ਬਰ ਉਨ੍ਹਾਂ ਦੇ ਪਿੰਡ ਪਹੁੰਚੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਨੂੰ ਛੱਡ ਗਏ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਅੰਤਿਮ ਸਸਕਾਰ ਸਵੇਰੇ 10 ਵਜੇ ਕੀਤਾ ਜਾਵੇਗਾ। ਉਹ ਭਾਰਤੀ ਫੌਜ ਦੀ 5 ਸਿੱਖ ਲਾਈਟ ਇਨਫੈਂਟਰੀ ਵਿੱਚ ਤਾਇਨਾਤ ਸਨ।
ਸਿਕੰਦਰ ਸਿੰਘ ਨੇ 16 ਸਾਲ ਦੇਸ਼ ਦੀ ਕੀਤੀ ਸੇਵਾ
ਪਿੰਡ ਗਗੜਾ ਦੇ ਰਹਿਣ ਵਾਲੇ ਨਾਇਕ ਟੀਐੱਸ ਸਿਕੰਦਰ ਸਿੰਘ (33) ਕਰੀਬ 16 ਸਾਲ ਪਹਿਲਾਂ ਇੱਕ ਬਹੁਤ ਹੀ ਸਧਾਰਨ ਮਜ਼ਦੂਰ ਪਰਿਵਾਰ ਵਿੱਚੋਂ ਨਿਕਲ ਕੇ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਦੇ ਹਿੰਮਤ ਨਹੀਂ ਹਾਰੀ।
ਤਿੰਨ ਭਰਾਵਾਂ ਵਿੱਚ ਸਭ ਤੋਂ ਵੱਡੇ ਸਨ ਸਿਕੰਦਰ
ਸਿਕੰਦਰ ਸਿੰਘ ਆਪਣੇ ਪਰਿਵਾਰ ਦਾ ਮੁੱਖ ਸਹਾਰਾ ਸਨ ਅਤੇ ਛੋਟੀ ਉਮਰ ਤੋਂ ਹੀ ਉਨ੍ਹਾਂ ਨੇ ਵੱਡੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਸਨ। ਤਿੰਨ ਭਰਾਵਾਂ ਵਿੱਚ ਸਭ ਤੋਂ ਵੱਡੇ ਹੋਣ ਕਰਕੇ ਉਨ੍ਹਾਂ ਨੇ ਪਰਿਵਾਰ ਨੂੰ ਆਰਥਿਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤੀ ਦਿੱਤੀ। ਉਨ੍ਹਾਂ ਨੇ ਆਪਣੇ ਪਿਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ।
ਮਾਸੂਮ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ
ਕਰੀਬ ਪੰਜ ਸਾਲ ਪਹਿਲਾਂ ਹੀ ਸਿਕੰਦਰ ਸਿੰਘ ਦਾ ਵਿਆਹ ਹੋਇਆ ਸੀ। ਪਰਿਵਾਰ ਵਿੱਚ ਖੁਸ਼ੀਆਂ ਨੇ ਹਾਲ ਹੀ ਵਿੱਚ ਦਸਤਕ ਦਿੱਤੀ ਸੀ ਕਿ ਅਚਾਨਕ ਉਨ੍ਹਾਂ ਦੀ ਸ਼ਹਾਦਤ ਦੀ ਦੁਖਦਾਈ ਖ਼ਬਰ ਆ ਗਈ। ਉਨ੍ਹਾਂ ਦੇ ਦਿਹਾਂਤ ਨਾਲ ਉਨ੍ਹਾਂ ਦੀਆਂ ਦੋ ਮਾਸੂਮ ਧੀਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਅਤੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।