Kurukshetra Family Suicide : ਹਰਿਆਣਾ ਦੇ ਕੁਰੂਕਸ਼ੇਤਰ ‘ਚ ਪਤੀ-ਪਤਨੀ ਨੇ ਆਪਣੀ 3 ਸਾਲ ਦੀ ਬੇਟੀ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਬੇਟੀ ਨੂੰ ਅਧਰੰਗ ਹੋ ਗਿਆ ਸੀ, ਜਿਸ ਕਾਰਨ ਪਰਿਵਾਰ ਕਾਫ਼ੀ ਪ੍ਰੇਸ਼ਾਨ ਸੀ। ਇਸ ਤਣਾਅ ਕਾਰਨ ਮਾਪਿਆਂ ਨੇ ਬੱਚੀ ਸਮੇਤ ਖੁਦ ਫਾਹਾ ਲੈ ਲਿਆ। ਮਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੇ ਜੀਜੇ ਨੂੰ ਇੱਕ ਸੁਸਾਈਡ ਨੋਟ ਲਿਖਿਆ ਸੀ।
ਸੋਮਵਾਰ ਸਵੇਰੇ 6:30 ਵਜੇ ਸੁਭਾਸ਼ ਮੰਡੀ ਪੁਲਿਸ ਸਟੇਸ਼ਨ ਨੂੰ ਸੂਚਨਾ ਮਿਲੀ ਕਿ ਪ੍ਰੇਮ ਨਗਰ ਕਲੋਨੀ ਦੇ ਇੱਕ ਘਰ ਵਿੱਚ ਤਿੰਨ ਲੋਕਾਂ ਨੇ ਫਾਹਾ ਲੈ ਲਿਆ ਹੈ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ। ਉਨ੍ਹਾਂ ਨੂੰ ਪਤੀ- ਪਤਨੀ ਅਤੇ ਉਨ੍ਹਾਂ ਦੀ 3 ਸਾਲ ਦੀ ਬੇਟੀ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਉਨ੍ਹਾਂ ਨੂੰ ਤੁਰੰਤ ਹੇਠਾਂ ਉਤਾਰਿਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਓਧਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਬੇਟੀ ਦਾ ਜਨਮ ਦਿਨ ਸੀ। ਪਰਿਵਾਰ ਨੇ ਕੁਝ ਦਿਨ ਪਹਿਲਾਂ ਇੱਕ ਨਵੀਂ ਥਾਰ ਕਾਰ ਖਰੀਦੀ ਸੀ। ਫਿਰ ਮਾਤਾ -ਪਿਤਾ ਆਪਣੀ ਬੇਟੀ ਨਾਲ ਰਾਜਸਥਾਨ ਘੁੰਮਣ ਗਏ ਸੀ ਅਤੇ 2-3 ਦਿਨ ਪਹਿਲਾਂ ਹੀ ਘਰ ਵਾਪਸ ਆਏ ਸੀ।
ਸੇਵਾਮੁਕਤ ਪੁਲਿਸ ਕਰਮਚਾਰੀ ਦਾ ਪਰਿਵਾਰ
ਮ੍ਰਿਤਕਾਂ ਦੀ ਪਛਾਣ ਜਤਿੰਦਰ ਕੁਮਾਰ (30), ਉਸਦੀ ਪਤਨੀ ਮੰਜੂ (28) ਅਤੇ ਉਨ੍ਹਾਂ ਦੀ ਬੇਟੀ ਅਦਵਿਕਾ ਵਜੋਂ ਹੋਈ ਹੈ। ਜਤਿੰਦਰ ਕੁਮਾਰ ਰੇਲਵੇ ਮੇਲ ਸਰਵਿਸ ਵਿੱਚ ਕੰਮ ਕਰਦਾ ਸੀ। ਜਤਿੰਦਰ ਕੁਮਾਰ ਦੇ ਪਿਤਾ ਮਹਿੰਦਰ ਸਿੰਘ ਪੰਜਾਬ ਪੁਲਿਸ ਤੋਂ ਸੇਵਾਮੁਕਤ ਏਐਸਆਈ ਸਨ। ਮਹਿੰਦਰ ਸਿੰਘ ਦੀ ਮੌਤ ਲਗਭਗ 6 ਮਹੀਨੇ ਪਹਿਲਾਂ ਹੋਈ ਸੀ। ਉਸਦੇ ਪਰਿਵਾਰ ਵਿੱਚ ਸਿਰਫ਼ ਉਸਦੀ ਮਾਂ ਬਿਮਲਾ ਦੇਵੀ ਅਤੇ ਇੱਕ ਭਰਾ ਪ੍ਰਤੀਕ ਹੈ, ਜੋ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੈਨੇਡਾ ਵਿੱਚ ਰਹਿੰਦਾ ਹੈ।
ਮ੍ਰਿਤਕ ਨੇ ਆਪਣੇ ਜੀਜੇ ਨੂੰ ਲਿਖਿਆ ਸੁਸਾਈਡ ਨੋਟ
ਵਿਅਕਤੀ ਨੇ ਮਰਨ ਤੋਂ ਪਹਿਲਾਂ ਆਪਣੇ ਜੀਜੇ ਨੂੰ ਇੱਕ ਮੈਸੇਜ ਵੀ ਭੇਜਿਆ। ਜਿਸ ‘ਚ ਲਿਖਿਆ ਸੀ ਕਿ ਅਸੀਂ ਅੱਜ ਰਾਤ ਖੁਦਕੁਸ਼ੀ ਕਰ ਰਹੇ ਹਾਂ। ਕਿਸੇ ਨੂੰ ਪਤਾ ਨਹੀਂ ,ਸਿਰਫ਼ ਤੁਹਾਨੂੰ ਪਤਾ। ਮੈਂ ਇਹ ਆਟੋਮੈਟਿਕ ਮੈਸੇਜ 5:30 ਵਜੇ ਦਾ ਲਗਾਇਆ ਸੀ। ਕਿਰਪਾ ਕਰਕੇ ਘਰ ਆ ਕੇ ਮੰਮੀ ਨੂੰ ਸੰਭਾਲੋ। ਚਾਬੀਆਂ ਬਾਹਰ ਵਾਸ਼ਬੇਸਿਨ ਵਿੱਚ ਪਈਆਂ ਹਨ। ਫ਼ੋਨ ਨਾ ਕਰਨਾ ,ਮੰਮੀ ਇਕੱਲੀ ਹੋਵੇਗੀ ਅਤੇ ਮਰ ਜਾਵੇਗੀ। ਕਿਰਪਾ ਕਰਕੇ ਭੈਣ ਸੀਮਾ ਨੂੰ ਲੈ ਕੇ ਜਲਦੀ ਆਜੋ।
ਐਸਐਚਓ ਨੇ ਕਿਹਾ, “ਸੁਸਾਈਡ ਨੋਟ ਦੀ ਜਾਂਚ ਕਰ ਰਹੇ ਹਾਂ”
ਕ੍ਰਿਸ਼ਨਾ ਗੇਟ ਪੁਲਿਸ ਸਟੇਸ਼ਨ ਦੇ ਐਸਐਚਓ ਬਲਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ