Khanna News : ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦੇ ਪਿੰਡ ਮੋਹਨਪੁਰ ਵਿੱਚ 11 ਸਾਲਾ ਬੱਚੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸ ਦੀ ਲਾਸ਼ ਸੋਮਵਾਰ ਸ਼ਾਮ ਨੂੰ ਕਿਰਾਏ ਦੇ ਕਮਰੇ ਵਿੱਚੋਂ ਮਿਲੀ। ਘਟਨਾ ਸਮੇਂ ਉਸ ਦੇ ਮਾਤਾ-ਪਿਤਾ ਕਾਲਜ ਵਿੱਚ ਮਜ਼ਦੂਰੀ ਕਰਨ ਗਏ ਹੋਏ ਸਨ। ਪਰਿਵਾਰ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਅਤੇ ਕੁਝ ਸਮੇਂ ਤੋਂ ਮੋਹਨਪੁਰ ਪਿੰਡ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿ ਰਿਹਾ ਸੀ।
ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਮੰਗਲਵਾਰ ਸਵੇਰੇ ਉਸ ਦੇ ਅੰਤਿਮ ਸਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਪੁਲਿਸ ਨੂੰ ਇਸ ਦੀ ਸੂਚਨਾ ਮਿਲ ਗਈ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਅੰਤਿਮ ਸਸਕਾਰ ਰੁਕਵਾ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
‘ਧੀ ਫੁੱਟਬਾਲ ਦੀ ਖਿਡਾਰਨ ਸੀ’
ਮ੍ਰਿਤਕਾ ਰੇਨੂ ਦੇ ਪਿਤਾ ਰਾਮ ਜਿਤੇਂਦਰ ਨੇ ਦੱਸਿਆ ਕਿ ਉਨ੍ਹਾਂ ਦੀਆਂ 5 ਧੀਆਂ ਹਨ ਅਤੇ ਰੇਨੂ ਸਭ ਤੋਂ ਛੋਟੀ ਸੀ। ਉਹ ਛੇਵੀਂ ਜਮਾਤ ਵਿੱਚ ਪੜ੍ਹਦੀ ਸੀ। ਰੇਨੂ ਨੂੰ ਪੜ੍ਹਾਈ ਦੇ ਨਾਲ-ਨਾਲ ਫੁੱਟਬਾਲ ਖੇਡਣ ਦਾ ਵੀ ਬਹੁਤ ਸ਼ੌਕ ਸੀ। ਉਸ ਨੇ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ ਅਤੇ ਕਈ ਵਾਰ ਇਨਾਮ ਤੇ ਟਰਾਫੀਆਂ ਵੀ ਜਿੱਤੀਆਂ ਸਨ। ਪਰਿਵਾਰ ਮੁਤਾਬਕ ਉਹ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣਾ ਚਾਹੁੰਦੀ ਸੀ।
ਰਾਮ ਜਿਤੇਂਦਰ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਅਤੇ ਉਨ੍ਹਾਂ ਦੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਕਾਲਜ ਵਿੱਚ ਕੰਮ ਕਰਨ ਗਏ ਹੋਏ ਸਨ। ਸ਼ਾਮ ਨੂੰ ਮਕਾਨ ਮਾਲਕ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਤਬੀਅਤ ਠੀਕ ਨਹੀਂ ਹੈ। ਖ਼ਬਰ ਮਿਲਦੇ ਹੀ ਦੋਵੇਂ ਘਰ ਪਹੁੰਚੇ, ਜਿੱਥੇ ਰੇਨੂ ਮ੍ਰਿਤਕ ਮਿਲੀ। ਪਰਿਵਾਰ ਨੇ ਇਸ ਘਟਨਾ ਨੂੰ ਖੁਦਕੁਸ਼ੀ ਦੱਸਿਆ ਹੈ ਪਰ ਪੁਲਿਸ ਨੇ ਅਜੇ ਤੱਕ ਕਿਸੇ ਨਤੀਜੇ ਦੀ ਪੁਸ਼ਟੀ ਨਹੀਂ ਕੀਤੀ।
ਪੁਲਿਸ ਨੇ ਅੰਤਿਮ ਸੰਸਕਾਰ ਰੁਕਵਾ ਕੇ ਲਾਸ਼ ਕਬਜ਼ੇ ਵਿੱਚ ਲਈ
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਦੇ ਸਰਪੰਚ ਤੋਂ ਬੱਚੀ ਦੀ ਮੌਤ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਨੂੰਨ ਮੁਤਾਬਕ ਅੰਤਿਮ ਸੰਸਕਾਰ ਰੁਕਵਾ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ।
ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਮੌਤ ਦੀ ਅਸਲ ਵਜ੍ਹਾ ਸਾਹਮਣੇ ਆਵੇਗੀ। ਪੁਲਿਸ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।