Karan Aujla Manager Arrest: ਪੰਜਾਬੀ ਸੰਗੀਤ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਪ੍ਰੇਸ਼ਨ ਸੈੱਲ ਨੇ ਚੰਡੀਗੜ੍ਹ ਦੇ ਸੈਕਟਰ-7 ਸਥਿਤ ਕੋਮੋ ਹਾਊਸ ਕਲੱਬ ’ਚ ਐੱਨ. ਆਰ. ਆਈ. ਵਿਦਿਆਰਥੀ ਧਰੁਵ ਤ੍ਰੇਹਨ ਨਾਲ ਕੁੱਟਮਾਰ ਕਰਨ ਵਾਲੇ ਫ਼ਰਾਰ 5 ਹਮਲਾਵਰਾਂ ਵਿੱਚੋਂ 4 ਨੂੰ ਕਰਨਾਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗਾਇਕ ਕਰਨ ਔਜਲਾ ਦੇ ਮੈਨੇਜਰ ਫ਼ਤਿਹਗੜ੍ਹ ਸਾਹਿਬ ਨਿਵਾਸੀ ਬਲਦੀਪ ਸਿੰਘ, ਆਰ. ਪੀ. ਜੀ. ਹਮਲੇ ਦੇ ਮੁਲਜ਼ਮ ਰੂਪਨਗਰ ਦੇ ਪਿੰਡ ਕਲਾਰਾਂ ਨਿਵਾਸੀ ਜਗਦੀਪ ਸਿੰਘ ਕੰਗ ਉਰਫ਼ ਜੱਗੀ, ਸੈਕਟਰ-38 ਨਿਵਾਸੀ ਅਨੀਕੇਤ ਗੁਪਤਾ ਅਤੇ ਬਠਿੰਡਾ ਦੇ ਪਿੰਡ ਰਾਮਗੜ੍ਹ ਭੂੰਦੜ ਨਿਵਾਸੀ ਤਨਮਿੰਦਰ ਸਿੰਘ ਵਜੋਂ ਹੋਈ ਹੈ।
ਰਿਮਾਂਡ ਹਾਸਲ ਕਰੇਗੀ ਆਪ੍ਰੇਸ਼ਨ ਸੈੱਲ ਦੀ ਟੀਮ
ਇਸਦੇ ਨਾਲ ਹੀ ਦੱਸ ਦੇਈਏ ਕਿ ਆਪ੍ਰੇਸ਼ਨ ਸੈੱਲ ਦੀ ਟੀਮ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ ਤਾਂ ਜੋ ਹੋਰ ਫ਼ਰਾਰ ਹਮਲਾਵਰਾਂ ਨੂੰ ਵੀ ਕਾਬੂ ਕੀਤਾ ਜਾ ਸਕੇ। ਫ਼ਿਰੋਜ਼ਪੁਰ ਨਿਵਾਸੀ ਧਰੁਵ ਤ੍ਰੇਹਨ ਆਪਣੇ ਦੋਸਤ ਸਵਪਨ ਥਿੰਦ ਨਾਲ 12 ਜੁਲਾਈ ਦੀ ਰਾਤ ਕੋਮੋ ਹਾਊਸ ਕਲੱਬ ’ਚ ਆਇਆ ਸੀ। ਕਲੱਬ ਬਾਹਰ ਸਵਪਨ ਥਿੰਦ ਅਤੇ ਅਨਿਕੇਤ ਗੁਪਤਾ ਵਿਚਾਲੇ ਬਹਿਸ ਹੋ ਗਈ। ਜਦੋਂ ਧਰੁਵ ਬਚਾਅ ਕਰਨ ਲਈ ਅੱਗੇ ਆਇਆ ਤਾਂ ਅਨੀਕੇਤ ਦੇ ਸਾਥੀਆਂ ਨੇ ਉਸ ’ਤੇ ਘਸੁੰਨ, ਮੁੱਕਿਆ ਅਤੇ ਕੜੇ ਨਾਲ ਹਮਲਾ ਕਰ ਦਿੱਤਾ।
ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ
ਸ਼ਿਕਾਇਤ ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਮੇਜ਼ ਚੁੱਕ ਕੇ ਉਨ੍ਹਾਂ ਵੱਲ ਸੁੱਟਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਧਰੁਵ ਨੇ ਪੁਲਸ ਨੂੰ ਦੱਸਿਆ ਸੀ ਕਿ ਅਨੀਕੇਤ ਨੇ ਆਪਣੇ ਆਪ ਨੂੰ ਜੱਜ ਦਾ ਪੁੱਤਰ ਦੱਸਦਿਆਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਗੋਲੀਆਂ ਮਾਰਨ ਦੀ ਧਮਕੀ ਦਿੱਤੀ ਸੀ। ਇਸਦੇ ਨਾਲ ਹੀ ਸ਼ਿਕਾਇਤ ਮੁਤਾਬਕ ਬਾਅਦ ’ਚ ਮੁਲਜ਼ਮ ਕਲੱਬ ਦੇ ਬਾਹਰ ਬੀ. ਐੱਮ. ਡਬਲਿਊ. ਐਕਸ-7 ਗੱਡੀ ’ਚੋਂ ਕਥਿਤ ਤੌਰ ’ਤੇ ਹਥਿਆਰ ਕੱਢ ਕੇ ਲਿਆਏ ਅਤੇ ਉਨ੍ਹਾਂ ਨੂੰ ਲਹਿਰਾ ਕੇ ਧਮਕੀਆਂ ਦੇਣ ਲੱਗੇ।
ਇਸ ਦੌਰਾਨ ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਕਈ ਵਾਹਨਾਂ ਨੂੰ ਵੀ ਟੱਕਰਾਂ ਮਾਰੀਆਂ। ਇਸ ਦੌਰਾਨ ਧਰੁਵ ਦੇ ਸਿਰ, ਹੱਥ ਅਤੇ ਕੰਨ ’ਤੇ ਸੱਟਾਂ ਲੱਗੀਆਂ ਸਨ। ਸ਼ਿਕਾਇਤ ਦੇ ਆਧਾਰ ‘ਤੇ ਸੈਕਟਰ-26 ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ।
ਇੰਟਰਵਿਊ ਇਮਤਿਆਜ਼ ਅਲੀ : “ਦਿਲਜੀਤ, ਪੰਜਾਬ ਤੇ ਪਿਆਰ ਇਮਤਿਆਜ਼ ਨੇ ਖੋਲ੍ਹੇ ਦਿਲ ਦੇ ਰਾਜ!