Kajal Aggarwal : ਫਿਲਮੀ ਕਰੀਅਰ ਦੌਰਾਨ ਕਾਜਲ ਅਗਰਵਾਲ ਦੀ ਮੁਲਾਕਾਤ ਕਈ ਲੋਕਾਂ ਨਾਲ ਹੋਈ ਪਰ ਹਰ ਤਜਰਬਾ ਚੰਗਾ ਨਹੀਂ ਰਿਹਾ। ਹਾਲ ਹੀ ਵਿੱਚ ਕਾਜਲ ਨੇ ਇੱਕ ਅਜਿਹਾ ਹੈਰਾਨ ਕਰਨ ਵਾਲਾ ਕਿੱਸਾ ਸਾਂਝਾ ਕੀਤਾ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਅਸਿਸਟੈਂਟ ਡਾਇਰੈਕਟਰ ਦੀ ਅਜੀਬ ਹਰਕਤ
ਕਾਜਲ ਅਗਰਵਾਲ ਨੇ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਵਾਪਰੀ ਡਰਾਉਣੀ ਘਟਨਾ ਬਾਰੇ ਦੱਸਿਆ। ਉਨ੍ਹਾਂ ਦੇ ਮੁਤਾਬਕ ਇੱਕ ਅਸਿਸਟੈਂਟ ਡਾਇਰੈਕਟਰ ਬਿਨਾਂ ਇਜਾਜ਼ਤ ਜਾਂ ਦਰਵਾਜ਼ਾ ਖੜਕਾਏ ਉਨ੍ਹਾਂ ਦੀ ਵੈਨਿਟੀ ਵੈਨ ਵਿੱਚ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਉਸ ਨੇ ਅਚਾਨਕ ਆਪਣੀ ਕਮੀਜ਼ ਉਤਾਰ ਦਿੱਤੀ ਅਤੇ ਆਪਣੀ ਛਾਤੀ ‘ਤੇ ਬਣਵਾਇਆ ਕਾਜਲ ਦੇ ਨਾਮ ਦਾ ਟੈਟੂ ਦਿਖਾਇਆ।
ABP News ਨਾਲ ਗੱਲਬਾਤ ਕਰਦਿਆਂ ਕਾਜਲ ਨੇ ਕਿਹਾ,”ਇੱਕ ਦਿਨ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਮੈਂ ਆਪਣੇ ਕਾਰਵਾਂ ਵਿੱਚ ਆਰਾਮ ਕਰ ਰਹੀ ਸੀ। ਉਸੇ ਵੇਲੇ ਫਿਲਮ ਦਾ ਇੱਕ ਅਸਿਸਟੈਂਟ ਡਾਇਰੈਕਟਰ ਬਿਨਾਂ ਇਜਾਜ਼ਤ ਅੰਦਰ ਆ ਗਿਆ। ਉਸ ਨੇ ਤੁਰੰਤ ਆਪਣੀ ਕਮੀਜ਼ ਉਤਾਰ ਕੇ ਮੇਰੇ ਨਾਮ ਦਾ ਟੈਟੂ ਦਿਖਾਇਆ। ਇਹ ਘਟਨਾ ਇੰਨੀ ਹੈਰਾਨ ਕਰਨ ਵਾਲੀ ਸੀ ਕਿ ਮੇਰੇ ਹੱਥ-ਪੈਰ ਕੰਬਣ ਲੱਗ ਪਏ।”
ਕਾਜਲ ਨੇ ਮੰਨਿਆ ਕਿ ਉਸ ਵਿਅਕਤੀ ਨੇ ਉਨ੍ਹਾਂ ਦੇ ਨਾਮ ਦਾ ਟੈਟੂ ਬਣਵਾ ਕੇ ਆਪਣੀ ਪ੍ਰਸ਼ੰਸਾ ਜ਼ਰੂਰ ਦਿਖਾਈ ਪਰ ਉਸ ਦਾ ਇਹ ਵਿਵਹਾਰ ਪੂਰੀ ਤਰ੍ਹਾਂ ਗਲਤ ਸੀ। ਉਨ੍ਹਾਂ ਨੇ ਕਿਹਾ, “ਮੈਨੂੰ ਚੰਗਾ ਲੱਗਿਆ ਕਿ ਉਸ ਨੇ ਮੇਰੇ ਨਾਮ ਦਾ ਟੈਟੂ ਬਣਵਾਇਆ ਸੀ ਪਰ ਕਿਸੇ ਔਰਤ ਦੇ ਇਕੱਲੇ ਹੋਣ ‘ਤੇ ਬਿਨਾਂ ਇਜਾਜ਼ਤ ਅੰਦਰ ਆਉਣਾ ਬਿਲਕੁਲ ਗਲਤ ਹੈ। ਕੋਈ ਵੀ ਚਾਹੇ ਕਿੰਨਾ ਵੀ ਵੱਡਾ ਫੈਨ ਹੋਵੇ, ਇਸ ਤਰ੍ਹਾਂ ਦਾ ਵਿਵਹਾਰ ਕਬੂਲ ਨਹੀਂ ਕੀਤਾ ਜਾ ਸਕਦਾ। ਮੈਂ ਉਸ ਨੂੰ ਚੇਤਾਵਨੀ ਦਿੱਤੀ ਕਿ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਅਤੇ ਫਿਰ ਉਸ ਨੂੰ ਉੱਥੋਂ ਬਾਹਰ ਜਾਣ ਲਈ ਕਿਹਾ।”
ਕਾਜਲ ਦੀ ਆਉਣ ਵਾਲੀ ਫਿਲਮ
ਜੇ ਕਾਜਲ ਅਗਰਵਾਲ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਜਲਦ ਹੀ ‘ਰਾਮਾਇਣ’ ਵਿੱਚ ਮੰਥਰਾ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ। ਬਾਲੀਵੁੱਡ ਵਿੱਚ ਕਾਜਲ ਨੂੰ ਸਭ ਤੋਂ ਵੱਧ ਅਜੈ ਦੇਵਗਨ ਨਾਲ ਫਿਲਮਾਂ ‘ਸਿੰਘਮ’ ਅਤੇ ‘ਸਪੈਸ਼ਲ 26’ ਵਿੱਚ ਕੀਤੇ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਹੁਣ ਉਨ੍ਹਾਂ ਨੂੰ ਮੰਥਰਾ ਦੇ ਕਿਰਦਾਰ ਵਿੱਚ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ।