Jalandhar News : ਜਲੰਧਰ ਦੇ ਪਿੰਡ ਸੋਹਲ ਜਗੀਰ ‘ਚ 6 ਸਾਲਾਂ ਅਰਸ਼ਪ੍ਰੀਤ ਸਿੰਘ ਦੇ ਕਤਲ ਮਾਮਲੇ ‘ਚ ਅਦਾਲਤ ਨੇ ਆਰੋਪੀ ਮਾਂ ਕੁਲਵਿੰਦਰ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਉਸਨੂੰ ਇੱਕ ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ।
ਕੀ ਹੈ ਪੂਰਾ ਮਾਮਲਾ
ਇਹ ਮਾਮਲਾ 8 ਜੂਨ, 2020 ਦਾ ਹੈ। ਜਲੰਧਰ ਦੇ ਪਿੰਡ ਸੋਹਲ ਜਗੀਰ ‘ਚ ਇੱਕ ਮਾਂ ਨੇ ਆਪਣੇ ਪੁੱਤਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਕਾਰਨ ਸਿਰਫ਼ ਇਹ ਸੀ ਕਿ ਬੱਚਾ ਦਾਦੀ ਨੂੰ ਪਿਆਰ ਕਰਦਾ ਸੀ ਤੇ ਆਪਣੀ ਦਾਦੀ ਨਾਲ ਸੌਣ ਦੀ ਜ਼ਿੱਦ ਕਰ ਰਿਹਾ ਸੀ। ਇਸ ਹੀ ਜ਼ਿੱਦ ਕਾਰਨ ਮਾਂ ਕੁਲਵਿੰਦਰ ਕੌਰ ਨੇ ਆਪਣੇ ਇਕਲੌਤੇ ਪੁੱਤਰ ਅਰਸ਼ਪ੍ਰੀਤ ਸਿੰਘ ਦਾ ਚਾਕੂ ਨਾਲ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਦੋਸ਼ੀ ਮਾਂ ਨੂੰ ਗ੍ਰਿਫਤਾਰ ਕਰ ਲਿਆ।
“ਦਾਦੀ ਦੇ ਬੇਹੱਦ ਕਰੀਬ ਸੀ ਅਰਸ਼ਪ੍ਰੀਤ”
ਆਪਣੇ ਬਿਆਨ ‘ਚ ਅਵਤਾਰ ਸਿੰਘ (ਦਾਦਾ) ਨੇ ਖੁਲਾਸਾ ਕੀਤਾ ਕਿ ਉਸ ਦਾ ਪੋਤਾ ਅਰਸ਼ਪ੍ਰੀਤ ਸਿੰਘ ਆਪਣੀ ਦਾਦੀ ਚਰਨਜੀਤ ਕੌਰ ਦੇ ਬਹੁਤ ਕਰੀਬ ਸੀ ਤੇ ਉਸ ਨੂੰ ਬਹੁਤ ਪਿਆਰ ਕਰਦਾ ਸੀ। ਨਤੀਜੇ ਵਜੋਂ ਆਰੋਪੀ ਮਾਂ ਕੁਲਵਿੰਦਰ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਵਿਚਕਾਰ ਇਸ ਮੁੱਦੇ ‘ਤੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ।
8 ਜੂਨ 2020 ਨੂੰ ਜਦੋਂ ਬੱਚਾ ਇੱਕ ਵਾਰ ਫਿਰ ਆਪਣੀ ਦਾਦੀ ਨਾਲ ਸੌਣ ਦੀ ਜਿੱਦ ਕਰ ਰਿਹਾ ਸੀ ਕੁਲਵਿੰਦਰ ਨੇ ਆਪਣੇ ਪੁੱਤਰ ਦਾ ਕਤਲ ਕਰ ਦਿੱਤਾ। ਉਨ੍ਹਾਂ ਨੇ ਅਰਸ਼ਪ੍ਰੀਤ ਨੂੰ ਬਿਸਤਰੇ ‘ਤੇ ਖੂਨ ਨਾਲ ਲੱਥਪੱਥ ਪਿਆ ਦੇਖਿਆ, ਜਦੋਂ ਕਿ ਕੁਲਵਿੰਦਰ ਕੌਰ ਉੱਥੇ ਸਬਜ਼ੀ ਕੱਟਣ ਵਾਲਾ ਚਾਕੂ ਫੜੀ ਖੜ੍ਹੀ ਸੀ। ਆਰੋਪ ਹੈ ਕਿ ਕੁਲਵਿੰਦਰ ਕੌਰ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਦੇ ਪੁੱਤਰ ਦੇ ਪੇਟ ‘ਚ ਦੋ ਵਾਰ ਚਾਕੂ ਮਾਰਿਆ ਸੀ।
ਅਰਸ਼ਪ੍ਰੀਤ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਰਸਤੇ ‘ਚ ਹੀ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਕਤਲ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਗਵਾਹਾਂ ਦੇ ਬਿਆਨਾਂ ਸਬੂਤਾਂ ਤੇ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅਦਾਲਤ ਨੇ ਕੁਲਵਿੰਦਰ ਕੌਰ ਨੂੰ ਦੋਸ਼ੀ ਪਾਇਆ। ਆਪਣੇ ਫੈਸਲੇ ‘ਚ ਅਦਾਲਤ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਗੰਭੀਰ ਤੇ ਸੰਵੇਦਨਸ਼ੀਲ ਮਾਮਲਾ ਹੈ, ਜਿਸ ‘ਚ ਇੱਕ ਮਾਂ ਨੇ ਆਪਣੇ ਮਾਸੂਮ ਪੁੱਤਰ ਦੀ ਜਾਨ ਲੈ ਲਈ। ਅਜਿਹੇ ਅਪਰਾਧ ਲਈ ਸਖ਼ਤ ਸਜ਼ਾ ਦੇਣਾ ਜ਼ਰੂਰੀ ਹੈ।
ਹੋਰ ਪੜ੍ਹੋ