ITR Filing Last Date : ਜੇਕਰ ਤੁਹਾਨੂੰ ਹਰ ਮਹੀਨੇ ਤਨਖ਼ਾਹ ਮਿਲਦੀ ਹੈ, ਤੁਸੀਂ ਪੈਨਸ਼ਨਰ ਹੋ ਜਾਂ ਜਾਇਦਾਦ ਜਾਂ ਸ਼ੇਅਰ ਵੇਚ ਕੇ ਮੁਨਾਫ਼ਾ ਕਮਾਉਂਦੇ ਹੋ, ਤਾਂ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ।ਅਸੈਸਮੈਂਟ ਸਾਲ 2026-27 (ਕਾਰੋਬਾਰੀ ਸਾਲ 2025-26) ਲਈ ITR ਫਾਈਲ ਕਰਨ ਦੀ ਆਖ਼ਰੀ ਤਾਰੀਖ 31 ਜੁਲਾਈ 2026 ਹੈ। ਇਨਕਮ ਟੈਕਸ ਦੇ ਈ-ਫਾਈਲਿੰਗ ਪੋਰਟਲ ‘ਤੇ ਰਜਿਸਟਰਡ ਟੈਕਸਦਾਤਾਵਾਂ ਦੀ ਗਿਣਤੀ 14 ਕਰੋੜ ਤੋਂ ਵੱਧ ਹੈ। 21 ਜੁਲਾਈ ਤੱਕ ਦੇ ਅੰਕੜਿਆਂ ਅਨੁਸਾਰ 3.15 ਕਰੋੜ ਟੈਕਸਦਾਤਾ ਆਪਣਾ ਰਿਟਰਨ ਫਾਈਲ ਕਰ ਚੁੱਕੇ ਹਨ। ਬਾਕੀ ਲੋਕਾਂ ਕੋਲ ਹੁਣ ਸਿਰਫ਼ 8 ਦਿਨ ਹੀ ਬਚੇ ਹਨ।
ਇਸ ਨਿਯਮ ਦਾ ਜ਼ਰੂਰ ਧਿਆਨ ਰੱਖੋ
ਇਨਕਮ ਟੈਕਸ ਦੇ ਨਿਯਮਾਂ ਅਨੁਸਾਰ ਹੁਣ ITR ਫਾਈਲ ਕਰਦੇ ਸਮੇਂ ਆਪਣੇ ਸਾਰੇ ਐਕਟਿਵ ਬੈਂਕ ਖਾਤਿਆਂ ਦੀ ਜਾਣਕਾਰੀ ਦੇਣੀ ਲਾਜ਼ਮੀ ਹੈ। ਇਸ ਵਿੱਚ ਸੇਵਿੰਗ ਅਕਾਊਂਟ, ਕਰੰਟ ਅਕਾਊਂਟ, ਓਵਰਡਰਾਫਟ ਅਕਾਊਂਟ, ਕੈਸ਼ ਕ੍ਰੈਡਿਟ ਅਕਾਊਂਟ ਅਤੇ NRO (ਨਾਨ-ਰੈਜ਼ੀਡੈਂਟ ਆਰਡੀਨਰੀ) ਅਕਾਊਂਟ ਸ਼ਾਮਲ ਹਨ। ਜੇਕਰ ਤੁਸੀਂ ਕਿਸੇ ਐਕਟਿਵ ਖਾਤੇ ਦੀ ਜਾਣਕਾਰੀ ਨਹੀਂ ਦਿੰਦੇ ਅਤੇ ਬਾਅਦ ਵਿੱਚ ਇਨਕਮ ਟੈਕਸ ਵਿਭਾਗ ਨੂੰ ਉਸ ਖਾਤੇ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਹਰ ਬੈਂਕ ਖਾਤੇ ‘ਤੇ 10,000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।
ਰਿਫੰਡ ਅਟਕ ਸਕਦਾ ਹੈ
ਟੈਕਸ ਰਿਫੰਡ ਪ੍ਰਾਪਤ ਕਰਨ ਲਈ ਤੁਹਾਡਾ ਬੈਂਕ ਖਾਤਾ ਇਨਕਮ ਟੈਕਸ ਪੋਰਟਲ ‘ਤੇ ਪਹਿਲਾਂ ਤੋਂ ਵੈਲੀਡੇਟ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਮੁੱਖ ਖਾਤੇ ਵਿੱਚ ਕੋਈ ਸਮੱਸਿਆ ਆ ਜਾਂਦੀ ਹੈ, ਤਾਂ ਆਮਦਨ ਕਰ ਵਿਭਾਗ ਤੁਹਾਡੇ ਵੱਲੋਂ ਵੈਲੀਡੇਟ ਕੀਤੇ ਗਏ ਕਿਸੇ ਹੋਰ ਖਾਤੇ ਵਿੱਚ ਰਿਫੰਡ ਭੇਜ ਸਕਦਾ ਹੈ ਪਰ ਜੇਕਰ ਤੁਸੀਂ ਸਾਰੇ ਖਾਤਿਆਂ ਦੀ ਜਾਣਕਾਰੀ ਨਹੀਂ ਦਿੱਤੀ, ਤਾਂ ਰਿਫੰਡ ਦੀ ਰਕਮ ਅਟਕ ਸਕਦੀ ਹੈ।
ਜੇ ਡੈੱਡਲਾਈਨ ਲੰਘ ਗਈ ਤਾਂ ਕੀ ਹੋਵੇਗਾ?
31 ਜੁਲਾਈ ਤੋਂ ਬਾਅਦ ਵੀ ਤੁਸੀਂ ਆਪਣਾ ITR ਫਾਈਲ ਕਰ ਸਕਦੇ ਹੋ। ਆਮਦਨ ਕਰ ਐਕਟ ਦੀ ਧਾਰਾ 139(4) ਤਹਿਤ ਬਿਲੇਟਡ ਰਿਟਰਨ ਭਰਨ ਦੀ ਇਜਾਜ਼ਤ ਹੈ, ਪਰ ਇਸ ਲਈ ਲੇਟ ਫੀਸ ਦੇਣੀ ਪਵੇਗੀ। ਜੇਕਰ ਤੁਹਾਡੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਵੱਧ ਹੈ, ਤਾਂ 5,000 ਰੁਪਏ ਤੱਕ ਦੀ ਲੇਟ ਫੀਸ ਲੱਗ ਸਕਦੀ ਹੈ। ਜੇਕਰ ਸਾਲਾਨਾ ਆਮਦਨ 5 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ, ਤਾਂ 1,000 ਰੁਪਏ ਦੀ ਲੇਟ ਫੀਸ ਦੇਣੀ ਪਵੇਗੀ।
ਲੋਕ ਅਜੇ ਵੀ ਪੁਰਾਣੇ ਕਾਨੂੰਨ ਅਧੀਨ ITR ਭਰ ਰਹੇ ਹਨ
ਭਾਵੇਂ ਨਵਾਂ ਆਮਦਨ ਕਰ ਕਾਨੂੰਨ 2025 ਲਾਗੂ ਹੋ ਚੁੱਕਾ ਹੈ, ਫਿਰ ਵੀ ਲੋਕ ਇਸ ਵੇਲੇ ਆਮਦਨ ਕਰ ਐਕਟ 1961 ਦੇ ਤਹਿਤ ਹੀ ਆਪਣਾ ITR ਫਾਈਲ ਕਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਜੋ ਰਿਟਰਨ ਹੁਣ ਭਰੀ ਜਾ ਰਹੀ ਹੈ, ਉਹ 1 ਅਪ੍ਰੈਲ 2025 ਤੋਂ 31 ਮਾਰਚ 2026 ਤੱਕ ਦੀ ਆਮਦਨ ਲਈ ਹੈ, ਜੋ ਪੁਰਾਣੇ ਕਾਨੂੰਨ ਦੇ ਦਾਇਰੇ ਵਿੱਚ ਆਉਂਦੀ ਹੈ। ਇਸ ਲਈ ਇਸ ‘ਤੇ ਆਮਦਨ ਕਰ ਐਕਟ 1961 ਦੇ ਨਿਯਮ ਹੀ ਲਾਗੂ ਹੋਣਗੇ।
ਨਵਾਂ ਆਮਦਨ ਕਰ ਐਕਟ 2025 1 ਅਪ੍ਰੈਲ 2026 ਤੋਂ ਲਾਗੂ ਹੋ ਗਿਆ ਹੈ। ਇਸ ਲਈ ਵਿੱਤੀ ਸਾਲ 2026-27 ਦੌਰਾਨ ਹੋਣ ਵਾਲੀ ਆਮਦਨ ‘ਤੇ ਨਵੇਂ ਕਾਨੂੰਨ ਦੇ ਨਿਯਮ ਲਾਗੂ ਹੋਣਗੇ। ਇਸ ਦਾ ਮਤਲਬ ਹੈ ਕਿ ਜੁਲਾਈ 2027 ਵਿੱਚ ਭਰਿਆ ਜਾਣ ਵਾਲਾ ITR ਨਵੇਂ ਨਿਯਮਾਂ ਅਨੁਸਾਰ ਹੋਵੇਗਾ।