IPL 2026: ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਵਿਚਕਾਰ ਚੇਨਈ ਸੁਪਰ ਕਿੰਗਜ਼ (CSK) ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਨਾਲ ਸਿਰਫ਼ ਟੀਮ ਬਲਕਿ ਪ੍ਰਸ਼ੰਸਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਦੱਸ ਦੇਈਏ ਕਿ ਟੀਮ ਦੇ ਉਭਰਦੇ ਆਲਰਾਊਂਡਰ ਰਾਮਕ੍ਰਿਸ਼ਨ ਘੋਸ਼ ਸੱਟ ਕਾਰਨ ਬਾਕੀ ਬਚੇ ਹੋਏ ਸੀਜ਼ਨ ਤੋਂ ਬਾਹਰ ਹੋ ਗਏ ਹਨ। ਚੇਨਈ ਸੁਪਰ ਕਿੰਗਜ਼ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਡੈਬਿਊ ਮੈਚ ਦੌਰਾਨ ਲੱਗੀ ਗੰਭੀਰ ਸੱਟ
ਰਿਪੋਰਟ ਅਨੁਸਾਰ, ਰਾਮਕ੍ਰਿਸ਼ਨ ਘੋਸ਼ ਦੇ ਸੱਜੇ ਪੈਰ ਵਿੱਚ ਫ੍ਰੈਕਚਰ ਹੋ ਗਿਆ ਹੈ। ਇਹ ਸੱਟ ਉਨ੍ਹਾਂ ਨੂੰ 2 ਮਈ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਚੇਪਾਕ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਦੌਰਾਨ ਲੱਗੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਇਸ 28 ਸਾਲਾ ਖਿਡਾਰੀ ਨੇ ਇਸੇ ਮੈਚ ਵਿੱਚ ਆਪਣਾ ਆਈ.ਪੀ.ਐੱਲ. ਡੈਬਿਊ ਕੀਤਾ ਸੀ, ਪਰ ਪਹਿਲੇ ਹੀ ਮੈਚ ਵਿੱਚ ਸੱਟ ਲੱਗਣ ਕਾਰਨ ਉਨ੍ਹਾਂ ਦਾ ਸਫਰ ਹੁਣ ਅੱਧ ਵਿਚਾਲੇ ਰੁਕ ਗਿਆ ਹੈ।
ਘਰੇਲੂ ਕ੍ਰਿਕਟ ਵਿੱਚ ਰਿਹਾ ਸ਼ਾਨਦਾਰ ਪ੍ਰਦਰਸ਼ਨ
ਰਾਮਕ੍ਰਿਸ਼ਨ ਘੋਸ਼ ਘਰੇਲੂ ਕ੍ਰਿਕਟ ਵਿੱਚ ਆਪਣੇ ਬਿਹਤਰੀਨ ਪ੍ਰਦਰਸ਼ਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਵਿਜੇ ਹਜ਼ਾਰੇ ਟਰਾਫੀ ਵਿੱਚ ਹਿਮਾਚਲ ਪ੍ਰਦੇਸ਼ ਵਿਰੁੱਧ 42 ਦੌੜਾਂ ਦੇ ਕੇ 7 ਵਿਕਟਾਂ ਝਟਕਾਈਆਂ ਸਨ। ਇਸ ਤੋਂ ਇਲਾਵਾ ਉਹ ਆਪਣੀ ਵਿਸਫੋਟਕ ਬੱਲੇਬਾਜ਼ੀ ਲਈ ਵੀ ਮਸ਼ਹੂਰ ਹਨ। ਉਨ੍ਹਾਂ ਦੀ ਇਸ ਸੱਟ ਨੇ ਸੀਐਸਕੇ ਪ੍ਰਬੰਧਨ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਟੀਮ ਹੁਣ ਇੱਕ ਮਜ਼ਬੂਤ ਆਲਰਾਊਂਡਰ ਵਿਕਲਪ ਤੋਂ ਬਿਨਾਂ ਅੱਗੇ ਵਧੇਗੀ।
ਟੀਮ ਦੀਆਂ ਵਧੀਆਂ ਮੁਸ਼ਕਲਾਂ
ਇਸ ਸੀਜ਼ਨ ਵਿੱਚ ਚੇਨਈ ਦੀ ਟੀਮ ਲਗਾਤਾਰ ਖਿਡਾਰੀਆਂ ਦੀਆਂ ਸੱਟਾਂ ਨਾਲ ਜੂਝ ਰਹੀ ਹੈ। ਘੋਸ਼ ਤੋਂ ਪਹਿਲਾਂ ਨਾਥਨ ਐਲਿਸ, ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਬੱਲੇਬਾਜ਼ ਆਯੂਸ਼ ਮਹਾਤਰੇ ਵੀ ਸੱਟਾਂ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਰਾਮਕ੍ਰਿਸ਼ਨ ਘੋਸ਼ ਦਾ ਬਾਹਰ ਹੋਣਾ ਟੀਮ ਲਈ ਇੱਕ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ