Sonia Gandhi Instagram Debut : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ (Instagram) ‘ਤੇ ਐਂਟਰੀ ਕਰ ਲਈ ਹੈ। ਉਨ੍ਹਾਂ ਨੇ ਆਪਣੀ ਪਹਿਲੀ ਪੋਸਟ ਵਿੱਚ ਆਪਣੀ ਆਤਮਕਥਾ ‘ਬਿਲੌਂਗਿੰਗ: ਏ ਜਰਨੀ ਆਫ ਲਵ’ (Belonging: A Journey of Love) ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਸ ਰੀਲ ਵਿੱਚ ਸੋਨੀਆ ਗਾਂਧੀ ਆਪਣੀ ਕਿਤਾਬ ਦੇ ਪੰਨੇ ਪਲਟਦੇ ਹੋਏ ਨਜ਼ਰ ਆ ਰਹੇ ਹਨ।
ਪਹਿਲੀ ਰੀਲ ਵਿੱਚ ਕੀ ਕੁਝ ਦਿਖਾਇਆ?
ਸੋਨੀਆ ਗਾਂਧੀ ਵੱਲੋਂ ਸਾਂਝੀ ਕੀਤੀ ਗਈ ਰੀਲ ਵਿੱਚ ਉਹ ਆਪਣੀ ਧੀ ਪ੍ਰਿਯੰਕਾ ਗਾਂਧੀ ਨੂੰ ਕਿਤਾਬ ਦਿਖਾਉਂਦੇ ਹੋਏ ਕਹਿੰਦੇ ਹਨ ਕਿ ਇਸ ਵਿੱਚ ਬਹੁਤ ਸਾਰੀਆਂ ਤਸਵੀਰਾਂ ਹਨ, ਪ੍ਰਿਯੰਕਾ। ਕਿਤਾਬ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਹਨ। ਰੀਲ ਵਿੱਚ ਮਠਿਆਈ ਖੁਆਉਣ ਦੇ ਪਲ ਵੀ ਨਜ਼ਰ ਆ ਰਹੇ ਹਨ।
ਪਹਿਲੀ ਪੋਸਟ ਵਿੱਚ ਸੋਨੀਆ ਗਾਂਧੀ ਨੇ ਕੀ ਲਿਖਿਆ?
ਸੋਨੀਆ ਗਾਂਧੀ ਨੇ ਆਪਣੀ ਪਹਿਲੀ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, ”ਸਾਰਿਆਂ ਨੂੰ ਨਮਸਤੇ, ਤੁਹਾਡੇ ਸਾਰਿਆਂ ਨਾਲ ਇਹ ਪਲ ਸਾਂਝਾ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਪੇਸ਼ ਹੈ ਮੇਰੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਦੀ ਪਹਿਲੀ ਝਲਕ। ਇਹ ਪਿਆਰ, ਫਰਜ਼, ਵਿਛੋੜੇ ਅਤੇ ਆਪਣੇਪਣ ਦੀ ਭਾਲ ਦੀ ਕਹਾਣੀ ਹੈ। ਮੈਂ ਇਸ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ।’ ਇਸ ਪੋਸਟ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਰਾਹੁਲ ਗਾਂਧੀ, ਧੀ ਪ੍ਰਿਯੰਕਾ ਗਾਂਧੀ ਅਤੇ ਕਿਤਾਬ ਦੇ ਪ੍ਰਕਾਸ਼ਕ ਹਾਰਪਰਕਾਲਿਨਜ਼ ਇੰਡੀਆ (HarperCollins India) ਨੂੰ ਵੀ ਟੈਗ ਕੀਤਾ ਹੈ।
ਕਿਤਾਬ ਨੂੰ ਲੈ ਕੇ ਪਹਿਲਾਂ ਵੀ ਹੋ ਚੁੱਕਾ ਵਿਵਾਦ
ਰਿਪੋਰਟ ਮੁਤਾਬਕ ਸੋਨੀਆ ਗਾਂਧੀ ਦੀ ਇਸ ਕਿਤਾਬ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋ ਚੁੱਕਾ ਹੈ। ਦਾਅਵਾ ਕੀਤਾ ਗਿਆ ਹੈ ਕਿ ਪੇਂਗੁਇਨ ਇੰਡੀਆ ਨੇ ਕਿਤਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐੱਸਐੱਸ ਨਾਲ ਸਬੰਧਤ ਕੁਝ ਹਿੱਸੇ ਹਟਾਉਣ ਲਈ ਕਿਹਾ ਸੀ, ਪਰ ਸੋਨੀਆ ਗਾਂਧੀ ਨੇ ਇਸ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਇਸ ਦਾਅਵੇ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।
10 ਨਵੰਬਰ ਨੂੰ ਰਿਲੀਜ਼ ਹੋਵੇਗੀ ਕਿਤਾਬ
ਦਿੱਤੀ ਗਈ ਜਾਣਕਾਰੀ ਮੁਤਾਬਕ ਸੋਨੀਆ ਗਾਂਧੀ ਦੀ ਆਤਮਕਥਾ 10 ਨਵੰਬਰ 2026 ਨੂੰ ਰਿਲੀਜ਼ ਹੋਵੇਗੀ। ਇਸ ਕਿਤਾਬ ਵਿੱਚ ਉਨ੍ਹਾਂ ਦੇ ਇਟਲੀ ਵਿੱਚ ਬੀਤੇ ਬਚਪਨ, ਰਾਜੀਵ ਗਾਂਧੀ ਨਾਲ ਪਹਿਲੀ ਮੁਲਾਕਾਤ, ਵਿਆਹ, ਪਰਿਵਾਰਕ ਜ਼ਿੰਦਗੀ ਅਤੇ ਭਾਰਤੀ ਰਾਜਨੀਤੀ ਵਿੱਚ ਕਦਮ ਰੱਖਣ ਤੱਕ ਦੇ ਸਫ਼ਰ ਦਾ ਜ਼ਿਕਰ ਕੀਤਾ ਗਿਆ ਹੈ। ਕਰੀਬ 79 ਸਾਲਾ ਸੋਨੀਆ ਗਾਂਧੀ ਹੁਣ ਤੱਕ ਫੇਸਬੁੱਕ, ਇੰਸਟਾਗ੍ਰਾਮ ਅਤੇ ਐਕਸ ਵਰਗੇ ਵੱਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਦੂਰ ਰਹੇ ਸਨ। ਹੁਣ ਉਨ੍ਹਾਂ ਨੇ ਇੰਸਟਾਗ੍ਰਾਮ ਰਾਹੀਂ ਸੋਸ਼ਲ ਮੀਡੀਆ ‘ਤੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ।