Gas Cylinder : ਦੇਸ਼ ‘ਚ ਐਲਪੀਜੀ ਯਾਨੀ ਰਸੋਈ ਗੈਸ ਦੀ ਖਪਤ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਅਗਸਤ 2026 ਵਿੱਚ ਭਾਰਤ ਵਿੱਚ ਐਲਪੀਜੀ ਦੀ ਖਪਤ ਪਿਛਲੇ ਸਾਲ ਦੇ ਮੁਕਾਬਲੇ 16.15 ਫੀਸਦੀ ਘੱਟ ਗਈ ਹੈ। ਪੈਟਰੋਲੀਅਮ ਪਲਾਨਿੰਗ ਐਂਡ ਐਨਾਲਿਸਿਸ ਸੈੱਲ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ, ਅਗਸਤ ਵਿੱਚ ਐਲਪੀਜੀ ਦੀ ਖਪਤ 2.42 ਮਿਲੀਅਨ ਟਨ ਰਹੀ, ਜਦਕਿ ਅਗਸਤ 2025 ਵਿੱਚ ਇਹ 2.89 ਮਿਲੀਅਨ ਟਨ ਸੀ। ਯਾਨੀ ਇੱਕ ਸਾਲ ਵਿੱਚ ਕਰੀਬ 47 ਲੱਖ ਟਨ ਦੀ ਕਮੀ ਦਰਜ ਕੀਤੀ ਗਈ ਹੈ।
ਐਲਪੀਜੀ ਦੀ ਖਪਤ ਕਿਉਂ ਘਟ ਗਈ?
ਐਲਪੀਜੀ ਦੀ ਖਪਤ ਵਿੱਚ ਇਹ ਗਿਰਾਵਟ ਉਸ ਸਮੇਂ ਆਈ ਹੈ ਜਦੋਂ ਦੇਸ਼ ਐਲਪੀਜੀ ਦੀ ਸਪਲਾਈ ਲਈ ਕਾਫੀ ਹੱਦ ਤੱਕ ਆਯਾਤ ‘ਤੇ ਨਿਰਭਰ ਹੈ। ਪੱਛਮੀ ਏਸ਼ੀਆ ਸੰਕਟ ਅਤੇ ਹੋਰਮੁਜ਼ ਜਲਡਮਰੂ ਨਾਲ ਜੁੜੀਆਂ ਸਪਲਾਈ ਸਮੱਸਿਆਵਾਂ ਕਾਰਨ ਐਲਪੀਜੀ ਦੀ ਉਪਲਬਧਤਾ ਪ੍ਰਭਾਵਿਤ ਹੋਈ ਹੈ। ਇਸ ਦਾ ਅਸਰ ਪਿਛਲੇ ਕੁਝ ਮਹੀਨਿਆਂ ਤੋਂ ਐਲਪੀਜੀ ਦੀ ਖਪਤ ‘ਤੇ ਵੀ ਦਿਖਾਈ ਦੇ ਰਿਹਾ ਹੈ। ਲੋਕਾਂ ਤੱਕ ਗੈਸ ਪਹੁੰਚਣ ਵਿੱਚ ਮੁਸ਼ਕਲ ਅਤੇ ਸਪਲਾਈ ‘ਤੇ ਦਬਾਅ ਦੇ ਵਿਚਕਾਰ ਐਲਪੀਜੀ ਦੀ ਮੰਗ ਕਮਜ਼ੋਰ ਹੋਈ ਹੈ।
ਪਿਛਲੇ ਪੰਜ ਮਹੀਨਿਆਂ ਦੇ ਅੰਕੜੇ ਕੀ ਕਹਿੰਦੇ ਹਨ?
ਐਲਪੀਜੀ ਖਪਤ ਵਿੱਚ ਗਿਰਾਵਟ ਸਿਰਫ਼ ਅਗਸਤ ਮਹੀਨੇ ਤੱਕ ਸੀਮਿਤ ਨਹੀਂ ਰਹੀ। ਅਪ੍ਰੈਲ ਤੋਂ ਅਗਸਤ 2026 ਤੱਕ ਭਾਰਤ ਵਿੱਚ ਐਲਪੀਜੀ ਦੀ ਕੁੱਲ ਖਪਤ 15.89 ਫੀਸਦੀ ਘਟ ਕੇ 11.29 ਮਿਲੀਅਨ ਟਨ ਰਹਿ ਗਈ ਹੈ। ਪਿਛਲੇ ਸਾਲ ਇਨ੍ਹਾਂ ਹੀ ਮਹੀਨਿਆਂ ਦੌਰਾਨ ਇਹ 13.42 ਮਿਲੀਅਨ ਟਨ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਐਲਪੀਜੀ ਦੀ ਖਪਤ ਵਿੱਚ ਕਮੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ।
ਕੀ ਹੈ ਵਜ੍ਹਾ?
ਐਲਪੀਜੀ ਦੀ ਖਪਤ ਵਿੱਚ ਗਿਰਾਵਟ ਦਾ ਕਾਰਨ ਸਿਰਫ਼ ਕੀਮਤਾਂ ਵਿੱਚ ਵਾਧਾ ਨਹੀਂ ਹੈ। ਇਸ ਦੇ ਪਿੱਛੇ ਸਪਲਾਈ ਦੀ ਸਮੱਸਿਆ, ਆਯਾਤ ‘ਤੇ ਵਧਦਾ ਦਬਾਅ ਅਤੇ ਉਪਲਬਧ ਮਾਤਰਾ ਵਿੱਚ ਕਮੀ ਵੀ ਵੱਡੇ ਕਾਰਨ ਹਨ। ਪੱਛਮੀ ਏਸ਼ੀਆ ਸੰਕਟ ਤੋਂ ਬਾਅਦ ਐਲਪੀਜੀ ਦੀ ਸਪਲਾਈ ‘ਤੇ ਦਬਾਅ ਵਧਿਆ ਹੈ, ਜਿਸ ਦਾ ਅਸਰ ਘਰੇਲੂ ਵਰਤੋਂ ‘ਤੇ ਵੀ ਪੈ ਰਿਹਾ ਹੈ। ਸਰਕਾਰ ਨੇ ਵੀ ਐਲਪੀਜੀ ‘ਤੇ ਨਿਰਭਰਤਾ ਘਟਾਉਣ ਲਈ ਸ਼ਹਿਰਾਂ ਵਿੱਚ ਪੀਐਨਜੀ ਕਨੈਕਸ਼ਨਾਂ ਦਾ ਵਿਸਥਾਰ ਸ਼ੁਰੂ ਕੀਤਾ ਹੈ।
ਪੈਟਰੋਲ-ਡੀਜ਼ਲ ਦੀ ਮੰਗ ਵਧੀ
ਜਿੱਥੇ ਐਲਪੀਜੀ ਦੀ ਖਪਤ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਹੀ ਪੈਟਰੋਲ ਅਤੇ ਡੀਜ਼ਲ ਦੀ ਮੰਗ ਵਧ ਗਈ ਹੈ। ਅਗਸਤ ਵਿੱਚ ਦੇਸ਼ ਵਿੱਚ ਪੈਟਰੋਲ ਦੀ ਖਪਤ 7.88 ਫੀਸਦੀ ਵਧ ਕੇ 3.82 ਮਿਲੀਅਨ ਟਨ ਹੋ ਗਈ, ਜਦਕਿ ਪਿਛਲੇ ਸਾਲ ਅਗਸਤ ਵਿੱਚ ਇਹ 3.54 ਮਿਲੀਅਨ ਟਨ ਸੀ।
ਉੱਥੇ ਹੀ ਡੀਜ਼ਲ ਦੀ ਖਪਤ 6.46 ਫੀਸਦੀ ਵਧ ਕੇ 7 ਮਿਲੀਅਨ ਟਨ ਤੱਕ ਪਹੁੰਚ ਗਈ, ਜੋ ਅਗਸਤ 2025 ਵਿੱਚ 6.58 ਮਿਲੀਅਨ ਟਨ ਸੀ।