Electricity Crisis in India 2026 : ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਦੀ ਕਿੱਲਤ ਤੋਂ ਬਾਅਦ ਹੁਣ ਬਿਜਲੀ ਸੰਕਟ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਬਿਜਲੀ ਦੀ ਮੰਗ ਵਧਣ ਕਾਰਨ ਕਈ ਸੂਬਿਆਂ ਵਿੱਚ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਦੇਸ਼ ਦੇ 9 ਸੂਬਿਆਂ ਨੇ ਕੇਂਦਰ ਸਰਕਾਰ ਤੋਂ ਵਾਧੂ ਬਿਜਲੀ ਦੀ ਮੰਗ ਕੀਤੀ ਹੈ। ਖ਼ਾਸ ਕਰਕੇ ਰਾਤ ਦੇ ਸਮੇਂ ਬਿਜਲੀ ਦੀ ਘਾਟ ਨੂੰ ਲੈ ਕੇ ਚਿੰਤਾ ਵਧ ਰਹੀ ਹੈ।
ਸਤੰਬਰ ‘ਚ ਵਧੀ ਬਿਜਲੀ ਦੀ ਕਿੱਲਤ
ਰਾਇਟਰਜ਼ ਦੀ ਰਿਪੋਰਟ ਮੁਤਾਬਕ ਸਤੰਬਰ 2026 ਵਿੱਚ ਭਾਰਤ ਅੰਦਰ ਬਿਜਲੀ ਦੀ ਘਾਟ ਵਧ ਕੇ 56 ਕਰੋੜ ਯੂਨਿਟ ਤੱਕ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਅਗਸਤ 2023 ਤੋਂ ਬਾਅਦ ਇਹ ਸਭ ਤੋਂ ਵੱਡੀ ਬਿਜਲੀ ਦੀ ਕਿੱਲਤ ਹੈ। ਕੋਲੇ ਨਾਲ ਬਿਜਲੀ ਦਾ ਉਤਪਾਦਨ ਵਧਣ ਦੇ ਬਾਵਜੂਦ ਮੰਗ ਮੁਤਾਬਕ ਸਪਲਾਈ ਪੂਰੀ ਨਹੀਂ ਹੋ ਰਹੀ।
ਇਨ੍ਹਾਂ 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
ਰਿਪੋਰਟ ਮੁਤਾਬਕ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਦਿੱਲੀ ਵਿੱਚ ਬਿਜਲੀ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਸੂਬਿਆਂ ਨੇ ਕੇਂਦਰ ਸਰਕਾਰ ਤੋਂ ਵਾਧੂ ਬਿਜਲੀ ਮੰਗੀ ਹੈ ਤਾਂ ਜੋ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਨਾ ਕਰਨਾ ਪਵੇ।
ਆਖ਼ਰ ਕਿਉਂ ਪੈਦਾ ਹੋ ਰਿਹਾ ਬਿਜਲੀ ਸੰਕਟ?
ਬਿਜਲੀ ਦੀ ਕਿੱਲਤ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ। ਘੱਟ ਮੀਂਹ ਪੈਣ ਕਾਰਨ ਪਾਣੀ ਤੋਂ ਬਣਨ ਵਾਲੀ ਬਿਜਲੀ ਦਾ ਉਤਪਾਦਨ ਘਟਿਆ ਹੈ। ਦੂਜੇ ਪਾਸੇ ਗਰਮੀ ਕਾਰਨ ਏਸੀ ਅਤੇ ਕੂਲਰਾਂ ਦੀ ਵਰਤੋਂ ਵਧਣ ਨਾਲ ਬਿਜਲੀ ਦੀ ਮੰਗ ਵੀ ਵਧੀ ਹੈ। ਸਤੰਬਰ ਮਹੀਨੇ ਦੌਰਾਨ ਕੋਲੇ ਤੋਂ ਬਿਜਲੀ ਦਾ ਉਤਪਾਦਨ 13.3 ਫ਼ੀਸਦੀ ਵਧਿਆ, ਪਰ ਕੋਲੇ ਦੇ ਸੀਮਤ ਭੰਡਾਰ ਅਤੇ ਬਿਜਲੀ ਘਰਾਂ ਵਿੱਚ ਮੁਰੰਮਤ ਦੇ ਕੰਮ ਕਾਰਨ ਸਪਲਾਈ ਪ੍ਰਭਾਵਿਤ ਹੋਈ। ਗ੍ਰਿਡ ਇੰਡੀਆ ਦੇ ਅੰਕੜਿਆਂ ਮੁਤਾਬਕ ਦੇਸ਼ ਦੇ ਕਰੀਬ 47 ਫ਼ੀਸਦੀ ਕੋਲਾ ਆਧਾਰਿਤ ਬਿਜਲੀ ਘਰਾਂ ਕੋਲ ਤੈਅ ਲੋੜ ਦੇ ਇੱਕ ਚੌਥਾਈ ਤੋਂ ਵੀ ਘੱਟ ਕੋਲਾ ਮੌਜੂਦ ਸੀ।
ਸਰਕਾਰ ਨੇ ਸ਼ੁਰੂ ਕੀਤੀਆਂ ਤਿਆਰੀਆਂ
ਬਿਜਲੀ ਸੰਕਟ ਨਾਲ ਨਜਿੱਠਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਕੋਲੇ ਤੋਂ ਬਿਜਲੀ ਦਾ ਉਤਪਾਦਨ ਵਧਾਉਣ ਦੇ ਨਾਲ-ਨਾਲ ਲੋੜਵੰਦ ਸੂਬਿਆਂ ਨੂੰ ਵਾਧੂ ਬਿਜਲੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੂਰਜੀ ਊਰਜਾ ਨੂੰ ਬੈਟਰੀਆਂ ਵਿੱਚ ਸਟੋਰ ਕਰਨ ਦੀ ਸਮਰੱਥਾ ਵਧਾਉਣ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਕੀ ਲੋਕਾਂ ਨੂੰ ਝੱਲਣੇ ਪੈਣਗੇ ਲੰਬੇ ਬਿਜਲੀ ਕੱਟ?
ਜੇਕਰ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਲਾ ਫ਼ਰਕ ਇਸੇ ਤਰ੍ਹਾਂ ਬਣਿਆ ਰਿਹਾ ਤਾਂ ਕੁਝ ਸੂਬਿਆਂ ਵਿੱਚ ਬਿਜਲੀ ਕੱਟ ਲੱਗ ਸਕਦੇ ਹਨ। ਮਹਿੰਗੇ ਭਾਅ ‘ਤੇ ਬਿਜਲੀ ਖ਼ਰੀਦਣ ਕਾਰਨ ਬਿਜਲੀ ਕੰਪਨੀਆਂ ਦਾ ਖ਼ਰਚਾ ਵੀ ਵਧ ਸਕਦਾ ਹੈ। ਹਾਲਾਂਕਿ, ਦੇਸ਼ ਭਰ ਵਿੱਚ ਬਿਜਲੀ ਬੰਦ ਹੋਣ ਜਾਂ ਰਾਤ ਨੂੰ ਹਰ ਪਾਸੇ ਹਨੇਰਾ ਛਾਉਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਫਿਲਹਾਲ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਵਾਧੂ ਪ੍ਰਬੰਧ ਕੀਤੇ ਜਾ ਰਹੇ ਹਨ।