Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 

0
5


Driving Licence New Rules 2026 : ਦੇਸ਼ ਵਿੱਚ ਡਰਾਈਵਿੰਗ ਲਾਇਸੈਂਸ (Driving Licence) ਨਾਲ ਜੁੜੇ ਨਿਯਮਾਂ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ। ਕੇਂਦਰ ਸਰਕਾਰ ਭਾਰਤੀ ਅਤੇ ਵਿਦੇਸ਼ੀ ਨਾਗਰਿਕਾਂ ਲਈ ਵੱਖ-ਵੱਖ ਰੰਗਾਂ ਦੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਸਬੰਧੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ ਵਿੱਚ ਸੋਧ ਦਾ ਖਰੜਾ ਤਿਆਰ ਕੀਤਾ ਹੈ।

ਪ੍ਰਸਤਾਵ ਮੁਤਾਬਕ ਡਰਾਈਵਿੰਗ ਲਾਇਸੈਂਸ ਦੇ ਰੰਗ ਤੋਂ ਹੀ ਪਤਾ ਲੱਗ ਸਕੇਗਾ ਕਿ ਲਾਇਸੈਂਸ ਧਾਰਕ ਭਾਰਤੀ ਨਾਗਰਿਕ ਹੈ ਜਾਂ ਵਿਦੇਸ਼ੀ। ਕੁਝ ਰਿਪੋਰਟਾਂ ਅਨੁਸਾਰ ਭਾਰਤੀ ਨਾਗਰਿਕਾਂ ਲਈ ਕੇਸਰੀ ਅਤੇ ਵਿਦੇਸ਼ੀ ਨਾਗਰਿਕਾਂ ਲਈ ਨੀਲਾ ਰੰਗ ਰੱਖਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਸਰਕਾਰ ਵੱਲੋਂ ਅਜੇ ਇਨ੍ਹਾਂ ਰੰਗਾਂ ਨੂੰ ਅੰਤਿਮ ਮਨਜ਼ੂਰੀ ਨਹੀਂ ਦਿੱਤੀ ਗਈ।

ਡਰਾਈਵਿੰਗ ਲਾਇਸੈਂਸ ‘ਤੇ ਦਰਜ ਹੋਵੇਗੀ ਹੋਰ ਜਾਣਕਾਰੀ

ਨਵੇਂ ਪ੍ਰਸਤਾਵ ਤਹਿਤ ਡਰਾਈਵਿੰਗ ਲਾਇਸੈਂਸ ‘ਤੇ ਨਾਗਰਿਕਤਾ, ਬਲੱਡ ਗਰੁੱਪ, ਮੋਬਾਈਲ ਨੰਬਰ ਅਤੇ ਐਮਰਜੈਂਸੀ ਸੰਪਰਕ ਨੰਬਰ ਵਰਗੀ ਜਾਣਕਾਰੀ ਵੀ ਦਰਜ ਕੀਤੀ ਜਾ ਸਕਦੀ ਹੈ। ਇਸ ਨਾਲ ਸੜਕ ਹਾਦਸੇ ਜਾਂ ਕਿਸੇ ਐਮਰਜੈਂਸੀ ਦੌਰਾਨ ਲਾਇਸੈਂਸ ਧਾਰਕ ਦੀ ਪਛਾਣ ਕਰਨ ਅਤੇ ਪਰਿਵਾਰ ਨਾਲ ਸੰਪਰਕ ਕਰਨ ਵਿੱਚ ਮਦਦ ਮਿਲ ਸਕੇਗੀ।

ਡਰਾਈਵਿੰਗ ਟੈਸਟ ਪਾਸ ਕਰਨਾ ਹੋ ਸਕਦਾ ਹੈ ਔਖਾ

ਸਰਕਾਰ ਡਰਾਈਵਿੰਗ ਲਾਇਸੈਂਸ ਬਣਵਾਉਣ ਦੀ ਪ੍ਰਕਿਰਿਆ ਨੂੰ ਹੋਰ ਸਖ਼ਤ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ। ਪ੍ਰਸਤਾਵ ਅਨੁਸਾਰ ਸੁਰੱਖਿਅਤ ਡਰਾਈਵਿੰਗ ਨਾਲ ਜੁੜੇ ਟਿਊਟੋਰੀਅਲ ਜਾਂ ਮੁਲਾਂਕਣ ਵਿੱਚ ਪਾਸ ਹੋਣ ਲਈ ਲੋੜੀਂਦੇ ਅੰਕ 60 ਫੀਸਦੀ ਤੋਂ ਵਧਾ ਕੇ 75 ਫੀਸਦੀ ਕੀਤੇ ਜਾ ਸਕਦੇ ਹਨ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵਾਹਨ ਚਲਾਉਣ ਵਾਲੇ ਵਿਅਕਤੀ ਨੂੰ ਟ੍ਰੈਫਿਕ ਨਿਯਮਾਂ ਅਤੇ ਸੜਕ ਸੁਰੱਖਿਆ ਬਾਰੇ ਪੂਰੀ ਜਾਣਕਾਰੀ ਹੋਵੇ।

ਆਨਲਾਈਨ ਸੇਵਾਵਾਂ ਵਿੱਚ ਵੀ ਮਿਲ ਸਕਦੀ ਹੈ ਰਾਹਤ

ਡਰਾਈਵਿੰਗ ਲਾਇਸੈਂਸ ਨਾਲ ਜੁੜੀਆਂ ਆਨਲਾਈਨ ਸੇਵਾਵਾਂ ਨੂੰ ਆਸਾਨ ਬਣਾਉਣ ਦੀ ਵੀ ਤਿਆਰੀ ਹੈ। ਆਧਾਰ ਰਾਹੀਂ ਪਛਾਣ ਦੀ ਪੁਸ਼ਟੀ ਕਰਨ ‘ਤੇ ਕੁਝ ਸੇਵਾਵਾਂ ਦੀ ਫੀਸ ਵਿੱਚ ਛੋਟ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਾਮ ਜਾਂ ਪਤਾ ਬਦਲਣ ਵਰਗੀਆਂ ਅਰਜ਼ੀਆਂ ਦਾ ਨਿਪਟਾਰਾ 15 ਦਿਨਾਂ ਦੇ ਅੰਦਰ ਕਰਨ ਦਾ ਪ੍ਰਸਤਾਵ ਹੈ।

ਦੱਸ ਦੇਈਏ ਕਿ ਇਹ ਸਾਰੇ ਬਦਲਾਅ ਫਿਲਹਾਲ ਪ੍ਰਸਤਾਵਿਤ ਹਨ। ਸਰਕਾਰ ਵੱਲੋਂ ਲੋਕਾਂ ਦੇ ਸੁਝਾਅ ਅਤੇ ਇਤਰਾਜ਼ ਲੈਣ ਤੋਂ ਬਾਅਦ ਹੀ ਅੰਤਿਮ ਨਿਯਮ ਤੈਅ ਕੀਤੇ ਜਾਣਗੇ। ਇਸ ਲਈ ਮੌਜੂਦਾ ਡਰਾਈਵਿੰਗ ਲਾਇਸੈਂਸ ਧਾਰਕਾਂ ਨੂੰ ਫਿਲਹਾਲ ਕਿਸੇ ਬਦਲਾਅ ਦੀ ਲੋੜ ਨਹੀਂ ਹੈ।



News Source link