Delhi NCR Weather : ਨੌਤਪਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਿੱਲੀ-ਐਨਸੀਆਰ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਰਾਸ਼ਟਰੀ ਰਾਜਧਾਨੀ ਸਮੇਤ ਪੂਰੇ ਐਨਸੀਆਰ ਖੇਤਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਤੇਜ਼ ਗਰਜ, ਧੂੜ ਭਰੀਆਂ ਹਨੇਰੀਆਂ ਅਤੇ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਦੀ ਉਮੀਦ ਹੈ। ਚੇਤਾਵਨੀ ਦੇ ਅਨੁਸਾਰ ਹਵਾ ਦੀ ਗਤੀ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਦਿੱਲੀ ਵਿੱਚ ਮੀਂਹ ਦੀ ਸੰਭਾਵਨਾ
ਤਾਜ਼ਾ ਭਵਿੱਖਬਾਣੀ ਦੇ ਅਨੁਸਾਰ 25 ਮਈ ਤੋਂ 27 ਮਈ ਤੱਕ ਦਿੱਲੀ-NCR ਵਿੱਚ ਭਿਆਨਕ ਗਰਮੀ ਅਤੇ ਹੀਟ ਵੇਵ ਦਾ ਅਸਰ ਬਣਿਆ ਰਹੇਗਾ। ਹਾਲਾਂਕਿ, ਕਦੇ-ਕਦਾਈਂ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਤਾਪਮਾਨ ਵਿੱਚ ਕੁਝ ਰਾਹਤ ਲਿਆ ਸਕਦੀ ਹੈ। 25 ਮਈ ਨੂੰ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 30 ਡਿਗਰੀ ਰਹਿਣ ਦੀ ਸੰਭਾਵਨਾ ਹੈ। ਇਸ ਦਿਨ ਆਸਮਾਨ ਵਿੱਚ ਬੱਦਲ ਰਹਿ ਸਕਦੇ ਹਨ ਅਤੇ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਹੋ ਸਕਦੀ ਹੈ। ਦੁਪਹਿਰ ਅਤੇ ਸ਼ਾਮ ਵੇਲੇ ਤੇਜ਼ ਹਵਾਵਾਂ ਦੇ ਨਾਲ ਲੂ ਦਾ ਅਸਰ ਵੀ ਜਾਰੀ ਰਹੇਗਾ।
26 ਮਈ ਨੂੰ ਮੌਸਮ ਇਸੇ ਤਰ੍ਹਾਂ ਰਹਿਣ ਦੀ ਉਮੀਦ ਹੈ, ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 29 ਡਿਗਰੀ ਸੈਲਸੀਅਸ ਰਹੇਗਾ। ਇਸ ਦਿਨ ਵੀ ਤੇਜ਼ ਹਵਾਵਾਂ ਅਤੇ ਗਰਮੀ ਦੀ ਲਹਿਰ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। 27 ਮਈ ਨੂੰ ਤਾਪਮਾਨ ਇਸੇ ਪੱਧਰ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।ਇਸ ਦੌਰਾਨ ਵੀ ਗਰਮ ਹਵਾਵਾਂ ਅਤੇ ਹੀਟ ਵੇਵ ਨਾਲ ਲੋਕਾਂ ਦੀ ਪਰੇਸ਼ਾਨੀ ਵੱਧ ਸਕਦੀ ਹੈ।
28 ਮਈ ਤੋਂ ਮਿਲ ਸਕਦੀ ਹੈ ਰਾਹਤ
ਮੌਸਮ ਵਿਭਾਗ ਮੁਤਾਬਕ 28 ਮਈ ਤੋਂ ਮੌਸਮ ਵਿੱਚ ਕੁਝ ਬਦਲਾਅ ਆ ਸਕਦਾ ਹੈ। ਇਸ ਦਿਨ ਵੱਧ ਤੋਂ ਵੱਧ ਤਾਪਮਾਨ ਘਟ ਕੇ 42 ਡਿਗਰੀ ਤੱਕ ਆ ਸਕਦਾ ਹੈ ਅਤੇ ਹਲਕੀ ਬਾਰਿਸ਼ ਦੇ ਆਸਾਰ ਹਨ।ਇਸ ਤੋਂ ਬਾਅਦ 29 ਅਤੇ 30 ਮਈ ਨੂੰ ਤਾਪਮਾਨ ਵਿੱਚ ਹੋਰ ਕਮੀ ਆ ਸਕਦੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੱਕ ਪਹੁੰਚ ਸਕਦਾ ਹੈ। ਇਨ੍ਹਾਂ ਦਿਨਾਂ ਵਿੱਚ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਨੌਤਪਾ ਦੇ ਸ਼ੁਰੂਆਤੀ ਦਿਨਾਂ ਵਿੱਚ ਤੇਜ਼ ਹਵਾਵਾਂ ਅਤੇ ਹਲਕੀ ਬਾਰਿਸ਼ ਕਾਰਨ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਅਤੇ ਤਾਪਮਾਨ 46 ਡਿਗਰੀ ਤੋਂ ਉੱਪਰ ਜਾਣ ਦੀ ਸੰਭਾਵਨਾ ਘੱਟ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦੁਪਹਿਰ ਵੇਲੇ ਘਰ ਤੋਂ ਬਾਹਰ ਨਿਕਲਣ ਤੋਂ ਬਚਣ, ਵੱਧ ਪਾਣੀ ਪੀਣ ਅਤੇ ਗਰਮੀ ਤੋਂ ਬਚਾਅ ਲਈ ਸਾਵਧਾਨ ਰਹਿਣ।
ਹੋਰ ਪੜ੍ਹੋ