Daily Walking Distance : ਤੁਰਨਾ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਕਸਰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਨਾ ਸਿਰਫ਼ ਦਿਲ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ, ਸਗੋਂ ਵਜ਼ਨ ਕੰਟਰੋਲ ਕਰਨ, ਮੂਡ ਨੂੰ ਬਿਹਤਰ ਬਣਾਉਣ ਅਤੇ ਸਰੀਰ ਨੂੰ ਸਰਗਰਮ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ ਪਰ ਅਕਸਰ ਲੋਕਾਂ ਦੇ ਮਨ ਵਿੱਚ ਸਵਾਲ ਹੁੰਦਾ ਹੈ ਕਿ ਇੱਕ ਦਿਨ ਵਿੱਚ ਕਿੰਨਾ ਤੁਰਨਾ ਸਹੀ ਹੈ ਅਤੇ ਕੀ ਲੋੜ ਤੋਂ ਵੱਧ ਤੁਰਨਾ ਨੁਕਸਾਨਦਾਇਕ ਵੀ ਹੋ ਸਕਦਾ ਹੈ?
ਸਿਹਤ ਸੰਬੰਧੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ GoodRx ਦੇ ਮਾਹਿਰਾਂ ਮੁਤਾਬਕ ਹਰ ਵਿਅਕਤੀ ਲਈ ਤੁਰਨ ਦੀ ਆਦਰਸ਼ ਦੂਰੀ ਵੱਖ-ਵੱਖ ਹੋ ਸਕਦੀ ਹੈ। ਇਹ ਉਸ ਦੀ ਫਿਟਨੈੱਸ, ਉਮਰ, ਸਿਹਤ ਦੀ ਸਥਿਤੀ ਅਤੇ ਤੁਰਨ ਦੀ ਗਤੀ ‘ਤੇ ਨਿਰਭਰ ਕਰਦੀ ਹੈ। ਜੋ ਵਿਅਕਤੀ ਨਿਯਮਿਤ ਕਸਰਤ ਕਰਦਾ ਹੈ, ਉਹ ਨਵੇਂ ਵਿਅਕਤੀ ਦੇ ਮੁਕਾਬਲੇ ਵੱਧ ਦੂਰੀ ਆਸਾਨੀ ਨਾਲ ਤੈਅ ਕਰ ਸਕਦਾ ਹੈ।
ਕਿੰਨਾ ਤੁਰਨਾ ਮੰਨਿਆ ਜਾਂਦਾ ਹੈ ਸਹੀ?
ਮਾਹਿਰ ਹਫ਼ਤੇ ਵਿੱਚ ਘੱਟੋ-ਘੱਟ 150 ਮਿੰਟ ਦਰਮਿਆਨੀ ਤੀਬਰਤਾ ਵਾਲੀ ਸਰੀਰਕ ਗਤੀਵਿਧੀ ਕਰਨ ਦੀ ਸਲਾਹ ਦਿੰਦੇ ਹਨ। ਇਸਦਾ ਮਤਲਬ ਹੈ ਕਿ ਤੁਸੀਂ ਹਫ਼ਤੇ ਵਿੱਚ ਛੇ ਦਿਨ ਕਰੀਬ 25 ਮਿੰਟ ਤੇਜ਼ ਚਾਲ ਨਾਲ ਤੁਰ ਸਕਦੇ ਹੋ। ਆਮ ਤੌਰ ‘ਤੇ ਇਹ ਦੂਰੀ 2 ਤੋਂ 3 ਕਿਲੋਮੀਟਰ ਦੇ ਕਰੀਬ ਹੋ ਸਕਦੀ ਹੈ, ਹਾਲਾਂਕਿ ਇਹ ਵਿਅਕਤੀ ਦੀ ਗਤੀ ‘ਤੇ ਨਿਰਭਰ ਕਰਦੀ ਹੈ।
ਰੋਜ਼ਾਨਾ 10,000 ਕਦਮ ਤੁਰਨ ਦਾ ਟੀਚਾ ਕਾਫ਼ੀ ਪ੍ਰਸਿੱਧ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕੋਈ ਜਾਦੂਈ ਅੰਕੜਾ ਨਹੀਂ ਹੈ। ਇੱਕ ਖੋਜ ਵਿੱਚ ਪਤਾ ਲੱਗਿਆ ਕਿ ਰੋਜ਼ਾਨਾ ਲਗਭਗ 7,000 ਕਦਮ ਤੁਰਨ ਵਾਲੇ ਲੋਕਾਂ ਵਿੱਚ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਘੱਟ ਦੇਖਿਆ ਗਿਆ। ਹਾਲਾਂਕਿ 7,000 ਅਤੇ 10,000 ਤੋਂ ਵੱਧ ਕਦਮ ਤੁਰਨ ਵਾਲਿਆਂ ਦੇ ਸਿਹਤ ਲਾਭਾਂ ਵਿੱਚ ਕੋਈ ਵੱਡਾ ਫਰਕ ਨਹੀਂ ਮਿਲਿਆ। ਅੱਜਕੱਲ੍ਹ 4,000 ਕਦਮ ਤੁਰਨ ਦੇ ਫਾਇਦਿਆਂ ਨੂੰ ਲੈ ਕੇ ਵੀ ਕਈ ਦਾਅਵੇ ਕੀਤੇ ਜਾ ਰਹੇ ਹਨ।
ਕਦੋਂ ਵੱਧ ਸਕਦਾ ਹੈ ਖ਼ਤਰਾ?
ਜ਼ਿਆਦਾ ਤੁਰਨਾ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦਾ। ਜੇ ਸਰੀਰ ਨੂੰ ਪੂਰਾ ਆਰਾਮ ਨਾ ਮਿਲੇ ਅਤੇ ਲਗਾਤਾਰ ਲੋੜ ਤੋਂ ਵੱਧ ਵਾਕ ਕੀਤੀ ਜਾਵੇ ਤਾਂ ਓਵਰਟ੍ਰੇਨਿੰਗ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਅਜਿਹੇ ਵਿੱਚ ਸਰੀਰ ਕੁਝ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇ ਤੁਰਨ ਤੋਂ ਬਾਅਦ ਲੰਬੇ ਸਮੇਂ ਤੱਕ ਮਾਸਪੇਸ਼ੀਆਂ ਵਿੱਚ ਦਰਦ ਰਹੇ, ਸਰੀਰ ਭਾਰੀ ਮਹਿਸੂਸ ਹੋਵੇ, ਲਗਾਤਾਰ ਥਕਾਵਟ ਰਹੇ ਜਾਂ ਪਹਿਲਾਂ ਨਾਲੋਂ ਤੁਹਾਡੀ ਕਾਰਗੁਜ਼ਾਰੀ ਘੱਟ ਹੋ ਜਾਵੇ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਸੀਂ ਲੋੜ ਤੋਂ ਵੱਧ ਤੁਰ ਰਹੇ ਹੋ।
ਇਸ ਤੋਂ ਇਲਾਵਾ ਵਾਰ-ਵਾਰ ਮੋਚ ਆਉਣਾ ਜਾਂ ਸੱਟ ਲੱਗਣਾ , ਤੁਰਨ ਦੀ ਇੱਛਾ ਘੱਟ ਹੋਣਾ ,ਚਿੜਚਿੜਾਪਣ ਵਧਣਾ ,ਭੁੱਖ ਘੱਟ ਲੱਗਣਾ ,ਵਾਰ-ਵਾਰ ਜ਼ੁਕਾਮ ਜਾਂ ਹੋਰ ਇਨਫੈਕਸ਼ਨ ਹੋਣਾ ਵੀ ਓਵਰਐਕਸਰਸ਼ਨ (ਜ਼ਿਆਦਾ ਮਿਹਨਤ) ਦੇ ਸੰਕੇਤ ਮੰਨੇ ਜਾਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਕਿਸੇ ਨਿਸ਼ਚਿਤ ਅੰਕੜੇ ਦੇ ਪਿੱਛੇ ਭੱਜਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਮਰੱਥਾ ਅਨੁਸਾਰ ਸਰਗਰਮ ਰਹੋ। ਜੇ ਤੁਸੀਂ ਵਾਕਿੰਗ ਦੀ ਸ਼ੁਰੂਆਤ ਕਰ ਰਹੇ ਹੋ ਤਾਂ ਹੌਲੀ-ਹੌਲੀ ਦੂਰੀ ਅਤੇ ਸਮਾਂ ਵਧਾਓ। ਜਦਕਿ ਫਿਟ ਲੋਕ ਆਪਣੀ ਸਮਰੱਥਾ ਮੁਤਾਬਕ ਗਤੀ, ਦੂਰੀ ਜਾਂ ਵਾਕ ਦੀ ਗਿਣਤੀ ਵਧਾ ਸਕਦੇ ਹਨ।
Check out below Health Tools-
Calculate Your Body Mass Index ( BMI )
Calculate The Age Through Age Calculator
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 8 ਦਵਾਈਆਂ ਦੇ ਇਸਤੇਮਾਲ ਤੇ ਖਰੀਦ ‘ਤੇ ਰੋਕ