Ban on Condom and Dating Apps : ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ (CTI) ਨੇ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੇ ਪ੍ਰਸਾਰਣ ਦੌਰਾਨ ਐਡਲਟ ਸ਼੍ਰੇਣੀ ਦੇ ਇਸ਼ਤਿਹਾਰ ਦਿਖਾਏ ਜਾਣ ‘ਤੇ ਐਤਰਾਜ਼ ਜਤਾਉਂਦੇ ਹੋਏ ICC ਦੇ ਚੇਅਰਮੈਨ ਜੈ ਸ਼ਾਹ ਨੂੰ ਪੱਤਰ ਲਿਖਿਆ ਹੈ। CTI ਦੇ ਚੇਅਰਮੈਨ ਬ੍ਰਿਜੇਸ਼ ਗੋਯਲ ਨੇ ਪੱਤਰ ਵਿੱਚ ਪਰਿਵਾਰ ਸਮੇਤ ਦੇਖੇ ਜਾਣ ਵਾਲੇ ਸਮੇਂ (Family Viewing Time) ਦੌਰਾਨ ਕੰਡੋਮ, ਡੇਟਿੰਗ ਐਪਸ ਅਤੇ ਹੋਰ ਐਡਲਟ ਸ਼੍ਰੇਣੀ ਦੇ ਇਸ਼ਤਿਹਾਰਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
CTI ਨੇ ਆਪਣੇ ਪੱਤਰ ਵਿੱਚ 4 ਜੁਲਾਈ 2026 ਨੂੰ ਇੰਗਲੈਂਡ ਦੇ ਮੈਨਚੈਸਟਰ ਸਥਿਤ ਓਲਡ ਟ੍ਰੈਫਰਡ ਵਿੱਚ ਖੇਡੇ ਗਏ ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਦਾ ਜ਼ਿਕਰ ਕੀਤਾ ਹੈ। ਸੰਗਠਨ ਦਾ ਦਾਅਵਾ ਹੈ ਕਿ ਮੈਚ ਦੌਰਾਨ ਓਵਰਾਂ ਦੇ ਵਿਚਕਾਰ ਡਿਊਰੇਕਸ ਕੰਡੋਮ ਦਾ ਇਸ਼ਤਿਹਾਰ ਦਿਖਾਇਆ ਗਿਆ, ਜਦੋਂ ਕਰੋੜਾਂ ਲੋਕ ਆਪਣੇ ਪਰਿਵਾਰਾਂ ਨਾਲ ਲਾਈਵ ਮੈਚ ਦੇਖ ਰਹੇ ਸਨ।
ਮਾਪਿਆਂ ਲਈ ਬਣਦੀ ਹੈ ਅਸਹਜ ਸਥਿਤੀ – CTI
CTI ਦਾ ਕਹਿਣਾ ਹੈ ਕਿ ਦੇਸ਼ ਵਿੱਚ ਲਗਭਗ 44 ਕਰੋੜ ਲੋਕ ਕ੍ਰਿਕਟ ਦੇਖਦੇ ਹਨ, ਜਿਨ੍ਹਾਂ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸ਼ਾਮਲ ਹਨ। ਅਜਿਹੇ ਵਿੱਚ ਇਸ ਤਰ੍ਹਾਂ ਦੇ ਇਸ਼ਤਿਹਾਰ ਪਰਿਵਾਰ ਨਾਲ ਮੈਚ ਦੇਖਣ ਵਾਲੇ ਦਰਸ਼ਕਾਂ, ਖ਼ਾਸ ਕਰਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਅਸਹਜ ਸਥਿਤੀ ਪੈਦਾ ਕਰਦੇ ਹਨ।
ਪੱਤਰ ਵਿੱਚ CTI ਦੇ ਚੇਅਰਮੈਨ ਬ੍ਰਿਜੇਸ਼ ਗੋਯਲ ਨੇ ਕਿਹਾ ਕਿ ਭਾਰਤ ਵਿੱਚ ਕ੍ਰਿਕਟ ਸਿਰਫ਼ ਇੱਕ ਖੇਡ ਨਹੀਂ, ਸਗੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਵਿਸ਼ਾ ਹੈ। ਉਨ੍ਹਾਂ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ 13 ਸਾਲਾ ਪੁੱਤਰ ਵੀ ਉਨ੍ਹਾਂ ਨਾਲ ਮੈਚ ਦੇਖ ਰਿਹਾ ਸੀ। ਜਦੋਂ ਕੰਡੋਮ ਦਾ ਇਸ਼ਤਿਹਾਰ ਆਇਆ ਤਾਂ ਪੁੱਤਰ ਨੇ ਇਸ ਬਾਰੇ ਸਵਾਲ ਪੁੱਛੇ, ਜਿਸ ਨਾਲ ਉਹ ਅਸਹਜ ਮਹਿਸੂਸ ਕਰਨ ਲੱਗੇ। ਸੰਗਠਨ ਦਾ ਮੰਨਣਾ ਹੈ ਕਿ ਅਜਿਹੀ ਸਥਿਤੀ ਦਾ ਸਾਹਮਣਾ ਦੇਸ਼ ਭਰ ਦੇ ਕਈ ਪਰਿਵਾਰ ਕਰਦੇ ਹੋਣਗੇ।
CTI ਨੇ ICC ਤੋਂ ਮੰਗ ਕੀਤੀ ਹੈ ਕਿ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਦੇ ਫੈਮਿਲੀ ਵਿਊਇੰਗ ਟਾਈਮ ਦੌਰਾਨ ਪ੍ਰਸਾਰਿਤ ਹੋਣ ਵਾਲੇ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਵਿੱਚ ਕੰਡੋਮ, ਡੇਟਿੰਗ ਐਪਸ ਅਤੇ ਹੋਰ ਐਡਲਟ ਸ਼੍ਰੇਣੀ ਦੇ ਇਸ਼ਤਿਹਾਰਾਂ ‘ਤੇ ਰੋਕ ਲਗਾਉਣ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਇਸ ਦੇ ਨਾਲ ਹੀ BCCI ਅਤੇ ICC ਦੇ ਸਾਰੇ ਮੈਂਬਰ ਬੋਰਡਾਂ ਵੱਲੋਂ ਬ੍ਰਾਡਕਾਸਟ ਪਾਰਟਨਰਾਂ ਨਾਲ ਹੋਣ ਵਾਲੇ ਸਮਝੌਤਿਆਂ ਵਿੱਚ ‘ਫੈਮਿਲੀ ਵਿਊਇੰਗ ਕੋਡ’ ਨੂੰ ਲਾਜ਼ਮੀ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ।
ਪਾਬੰਦੀ ਤੋਂ ਬਾਅਦ ਵੀ ਐਡਲਟ ਇਸ਼ਤਿਹਾਰ ਦਿਖਾਏ ਜਾਣ ਤਾਂ ਹੋਵੇ ਕਾਰਵਾਈ – CTI
ਸੰਗਠਨ ਨੇ ਇਹ ਵੀ ਮੰਗ ਕੀਤੀ ਹੈ ਕਿ ਜੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਇਸ਼ਤਿਹਾਰ ਪ੍ਰਸਾਰਿਤ ਹੁੰਦੇ ਹਨ ਤਾਂ ਸੰਬੰਧਤ ਬ੍ਰਾਡਕਾਸਟਰ ਅਤੇ ਕ੍ਰਿਕਟ ਬੋਰਡ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਦੇਸ਼ ਵਿੱਚ ਸ਼ਰਾਬ ਅਤੇ ਤੰਬਾਕੂ ਦੇ ਇਸ਼ਤਿਹਾਰਾਂ ‘ਤੇ ਪਾਬੰਦੀ ਹੈ ਤਾਂ ਐਡਲਟ ਸ਼੍ਰੇਣੀ ਦੇ ਇਸ਼ਤਿਹਾਰਾਂ ਨੂੰ ਓਵਰਾਂ ਦੇ ਵਿਚਕਾਰ ਦਿਖਾਉਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ।
CTI ਨੇ ICC ਦੇ ਚੇਅਰਮੈਨ ਜੈ ਸ਼ਾਹ ਤੋਂ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਨੂੰ ਆਉਣ ਵਾਲੀ ICC ਬੋਰਡ ਮੀਟਿੰਗ ਵਿੱਚ ਤਰਜੀਹ ਦੇ ਆਧਾਰ ‘ਤੇ ਚਰਚਾ ਲਈ ਲਿਆਂਦਾ ਜਾਵੇ ਅਤੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ 30 ਦਿਨਾਂ ਦੇ ਅੰਦਰ ਇਸ ਸਬੰਧੀ ਠੋਸ ਨੀਤੀ ਤਿਆਰ ਕੀਤੀ ਜਾਵੇ। ਸੰਗਠਨ ਨੇ ਇਹ ਵੀ ਕਿਹਾ ਹੈ ਕਿ ਜੇ ਲੋੜ ਪਈ ਤਾਂ ਉਹ ਇਸ ਮੁੱਦੇ ਨੂੰ ਸੰਸਦ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਾਹਮਣੇ ਵੀ ਉਠਾਏਗਾ।