Cricketer Death: ਭਾਰਤ ਬਨਾਮ ਇੰਗਲੈਂਡ ਦੇ ਤੀਜੇ ਇੱਕ ਰੋਜ਼ਾ ਮੈਚ ਤੋਂ ਪਹਿਲਾਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਖਿਡਾਰੀਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਮਾਤਮ ਪਸਰਿਆ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਵੈਸਟਇੰਡੀਜ਼ ਦੇ ਸਾਬਕਾ ਦਿੱਗਜ ਆਲਰਾਊਂਡਰ ਸਰ ਗੈਰਫੀਲਡ ਸੋਬਰਸ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਗਿਣਤੀ ਕ੍ਰਿਕਟ ਦੇ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਆਲਰਾਊਂਡਰਾਂ ਵਿੱਚ ਕੀਤੀ ਜਾਂਦੀ ਹੈ। ਉਨ੍ਹਾਂ ਨੇ ਸਾਲ 1954 ਤੋਂ 1974 ਦੇ ਵਿਚਕਾਰ ਵੈਸਟਇੰਡੀਜ਼ ਟੀਮ ਲਈ ਬਿਹਤਰੀਨ ਕ੍ਰਿਕਟ ਖੇਡਿਆ ਅਤੇ ਆਪਣੇ ਦਮ ‘ਤੇ ਟੀਮ ਨੂੰ ਕਈ ਮੈਚਾਂ ਵਿੱਚ ਸ਼ਾਨਦਾਰ ਜਿੱਤ ਦਿਵਾਈ।
ਜਾਣੋ ਕ੍ਰਿਕਟ ਕਰੀਅਰ ਬਾਰੇ ਖਾਸ
ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਵੈਸਟਇੰਡੀਜ਼ ਲਈ 93 ਟੈਸਟ ਮੈਚ ਖੇਡੇ ਅਤੇ 8032 ਰਨ ਬਣਾਏ। ਇਸ ਦੌਰਾਨ ਉਨ੍ਹਾਂ ਦੀ ਬੱਲੇਬਾਜ਼ੀ ਔਸਤ 57.78 ਰਹੀ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਵਿੱਚ 26 ਸੈਂਕੜੇ ਅਤੇ 30 ਅਰਧ-ਸੈਂਕੜੇ ਲਗਾਏ। ਸਾਲ 1958 ਵਿੱਚ ਪਾਕਿਸਤਾਨ ਦੇ ਖਿਲਾਫ ਉਨ੍ਹਾਂ ਨੇ ਨਾਬਾਦ 365 ਰਨ ਬਣਾਏ ਸਨ, ਜੋ ਉਸ ਸਮੇਂ ਇੱਕ ਵਿਸ਼ਵ ਰਿਕਾਰਡ ਸੀ। ਬਾਅਦ ਵਿੱਚ ਸਾਲ 1994 ਵਿੱਚ ਉਨ੍ਹਾਂ ਦੇ ਹੀ ਦੇਸ਼ ਦੇ ਖਿਡਾਰੀ ਬ੍ਰਾਇਨ ਲਾਰਾ ਨੇ 375 ਰਨ ਬਣਾ ਕੇ ਇਸ ਰਿਕਾਰਡ ਨੂੰ ਤੋੜਿਆ। ਬੱਲੇਬਾਜ਼ੀ ਦੇ ਨਾਲ-ਨਾਲ ਉਨ੍ਹਾਂ ਨੇ ਗੇਂਦਬਾਜ਼ੀ ਵਿੱਚ ਵੀ ਕਮਾਲ ਕੀਤਾ ਅਤੇ ਟੈਸਟ ਕਰੀਅਰ ਵਿੱਚ ਕੁੱਲ 235 ਵਿਕਟਾਂ ਆਪਣੇ ਨਾਮ ਕੀਤੀਆਂ।
ਜਾਣਕਾਰੀ ਲਈ ਦੱਸ ਦੇਈਏ ਕਿ 28 ਜੁਲਾਈ 1936 ਨੂੰ ਬਾਰਬਾਡੋਸ ਦੇ ਸੇਂਟ ਮਾਈਕਲ ਵਿੱਚ ਜਨਮੇ ਗੈਰੀ ਸੋਬਰਸ ਨੇ 1952 ਵਿੱਚ ਪਹਿਲੀ ਵਾਰ ਫਸਟ ਕਲਾਸ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ 1954 ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਇੰਟਰਨੈਸ਼ਨਲ ਟੈਸਟ ਮੈਚ ਖੇਡਿਆ। ਉਹ ਖੱਬੇ ਹੱਥ ਦੇ ਬੱਲੇਬਾਜ਼ ਸਨ ਅਤੇ ਗੇਂਦਬਾਜ਼ੀ ਵਿੱਚ ਉਹ ਮੀਡੀਅਮ ਪੇਸ ਅਤੇ ਸਪਿਨ ਦੋਵੇਂ ਤਰ੍ਹਾਂ ਦੀ ਗੇਂਦਬਾਜ਼ੀ ਕਰਨ ਵਿੱਚ ਮਾਹਿਰ ਸਨ। ਉਨ੍ਹਾਂ ਨੇ ਆਪਣੇ 383 ਫਸਟ-ਕਲਾਸ ਮੈਚਾਂ ਵਿੱਚ 28,000 ਤੋਂ ਜ਼ਿਆਦਾ ਰਨ ਬਣਾਏ ਅਤੇ 1000 ਤੋਂ ਵੱਧ ਵਿਕਟਾਂ ਲਈਆਂ।
ਲਗਾਤਾਰ 6 ਛੱਕੇ ਮਾਰਨ ਦਾ ਇਤਿਹਾਸਕ ਰਿਕਾਰਡ
ਦੱਸਣਯੋਗ ਹੈ ਕਿ ਸਰ ਸੋਬਰਸ ਦੁਨੀਆ ਦੇ ਪਹਿਲੇ ਅਜਿਹੇ ਬੱਲੇਬਾਜ਼ ਸਨ ਜਿਨ੍ਹਾਂ ਨੇ ਫਸਟ ਕਲਾਸ ਕ੍ਰਿਕਟ ਮੈਚ ਵਿੱਚ ਇੱਕ ਹੀ ਓਵਰ ਵਿੱਚ ਲਗਾਤਾਰ 6 ਛੱਕੇ ਮਾਰਨ ਦਾ ਇਤਿਹਾਸਕ ਰਿਕਾਰਡ ਬਣਾਇਆ ਸੀ। ਉਨ੍ਹਾਂ ਨੇ ਇਹ ਕਾਰਨਾਮਾ ਕਾਰਡਿਫ ਵਿੱਚ ਕਾਊਂਟੀ ਚੈਂਪੀਅਨਸ਼ਿਪ ਦੇ ਇੱਕ ਮੈਚ ਦੌਰਾਨ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 1965 ਤੋਂ 1972 ਤੱਕ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਕਪਤਾਨ ਵਜੋਂ 39 ਮੈਚਾਂ ਵਿੱਚ ਟੀਮ ਦੀ ਅਗਵਾਈ ਵੀ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।