Chandigarh News :  15 ਸਾਲਾ ਲੜਕੀ ਨੇ 10 ਸਾਲ ਦੇ ਬੱਚੇ ਨੂੰ ਕੀਤਾ ਅਗਵਾ, ਹਰਿਦੁਆਰ ਲਿਜਾ ਕੇ ਮੰਗਵਾਈ ਭੀਖ

Must read


Chandigarh News : ਚੰਡੀਗੜ੍ਹ ਦੇ ਬੁੜੈਲ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 15 ਸਾਲ ਦੀ ਇੱਕ ਨਾਬਾਲਿਗ ਲੜਕੀ ਆਪਣੇ ਹੀ ਗੁਆਂਢ ਵਿੱਚ ਰਹਿੰਦੇ 10 ਸਾਲ ਦੇ ਬੱਚੇ ਨੂੰ ਜੂਸ ਪਿਲਾਉਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਲੈ ਗਈ। ਬਾਅਦ ਵਿੱਚ ਉਹ ਬੱਚੇ ਨੂੰ ਹਰਿਦੁਆਰ ਲੈ ਗਈ, ਜਿੱਥੇ ਉਸ ਨੂੰ ਇੱਕ ਔਰਤ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸ ਤੋਂ ਭੀਖ ਮੰਗਵਾਈ ਗਈ।

ਪਛਾਣ ਲੁਕਾਉਣ ਲਈ ਕਟਵਾਏ ਵਾਲ

ਬੱਚੇ ਨੇ ਦੱਸਿਆ ਕਿ ਹਰਿਦੁਆਰ ਵਿੱਚ ਉਸ ਨੂੰ ਡਰਾ-ਧਮਕਾ ਕੇ ਸਾਰਾ ਦਿਨ ਭੀਖ ਮੰਗਣ ਲਈ ਮਜਬੂਰ ਕੀਤਾ ਜਾਂਦਾ ਸੀ। ਖਾਣਾ ਲੰਗਰ ਵਿੱਚ ਖੁਆਇਆ ਜਾਂਦਾ ਸੀ। ਉਸ ਦੀ ਪਛਾਣ ਲੁਕਾਉਣ ਲਈ ਉਸ ਦੇ ਵਾਲ ਵੀ ਕਟਵਾ ਦਿੱਤੇ ਗਏ ਸਨ।

ਜੂਸ ਦੇ ਬਹਾਨੇ ਲੈ ਗਈ, ਫਿਰ ਪਹੁੰਚਿਆ ਹਰਿਦੁਆਰ

ਪੀੜਤ ਬੱਚੇ ਅਨੁਸਾਰ ਗੁਆਂਢ ਦੀ “ਦੀਦੀ” ਉਸ ਨੂੰ ਜੂਸ ਪਿਲਾਉਣ ਦੇ ਬਹਾਨੇ ਨਾਲ ਲੈ ਗਈ। ਉਸ ਨੇ ਜ਼ਬਰਦਸਤੀ ਸਿਗਰਟ ਪਿਲਾਈ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਹੋਸ਼ ਆਉਣ ‘ਤੇ ਉਹ ਟ੍ਰੇਨ ਵਿੱਚ ਸੀ। ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਬਚਾਇਆ

ਬੱਚੇ ਦੇ ਪਿਤਾ ਅਤੇ ਮਾਸੀ ਦੀ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਨੇ ਨਾਬਾਲਿਗ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸ਼ਨੀਵਾਰ ਸ਼ਾਮ ਬੱਚੇ ਨੂੰ ਹਰਿਦੁਆਰ ਤੋਂ ਸੁਰੱਖਿਅਤ ਰੈਸਕਿਊ ਕਰਕੇ ਚੰਡੀਗੜ੍ਹ ਲਿਆਈ। ਪੁਲਿਸ ਨੇ ਲੜਕੀ ਖ਼ਿਲਾਫ਼ ਬੀਐਨਐੱਸ ਦੀ ਧਾਰਾ 137(2) ਤਹਿਤ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਬੱਚੇ ਦਾ ਮੈਡੀਕਲ ਕਰਵਾ ਕੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਉਸ ਦੇ ਬਿਆਨ ਵੀ ਦਰਜ ਕਰਵਾਏ ਗਏ ਹਨ।

ਪੁੱਛਗਿੱਛ ਵਿੱਚ ਹੋਏ ਵੱਡੇ ਖੁਲਾਸੇ

ਜਾਂਚ ਦੌਰਾਨ ਪਤਾ ਲੱਗਾ ਕਿ ਲੜਕੀ ਹਰਿਦੁਆਰ ਵਿੱਚ ਇੱਕ ਔਰਤ ਨਾਲ ਰਹਿ ਰਹੀ ਸੀ। 27 ਮਈ ਨੂੰ ਉਹ ਉਸ ਔਰਤ ਦਾ ਮੋਬਾਈਲ ਫੋਨ ਅਤੇ 7 ਹਜ਼ਾਰ ਰੁਪਏ ਚੋਰੀ ਕਰਕੇ ਇਕੱਲੀ ਚੰਡੀਗੜ੍ਹ ਵਾਪਸ ਆ ਗਈ ਸੀ। ਵਾਪਸ ਆਉਣ ਦੇ ਅਗਲੇ ਹੀ ਦਿਨ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

ਬੱਚੇ ਦੇ ਪਿਤਾ, ਜੋ ਦਿਹਾੜੀਦਾਰ ਮਜ਼ਦੂਰ ਹਨ ਅਤੇ ਉਸ ਦੀ ਮਾਸੀ ਨੇ ਦੱਸਿਆ ਕਿ ਹਰਿਦੁਆਰ ਵਿੱਚ ਪੁੱਤਰ ਨੂੰ ਲੱਭਣਾ ਬਹੁਤ ਮੁਸ਼ਕਲ ਸੀ। ਉਹ ਰਾਤ ਭਰ ਘਾਟਾਂ ਅਤੇ ਬਾਜ਼ਾਰਾਂ ਵਿੱਚ ਸੁੱਤੇ ਲੋਕਾਂ ਦੀਆਂ ਚਾਦਰਾਂ ਹਟਾ ਕੇ ਚਿਹਰੇ ਦੇਖਦੇ ਰਹੇ ਕਿ ਕਿਤੇ ਉਨ੍ਹਾਂ ਦਾ ਬੱਚਾ ਤਾਂ ਨਹੀਂ। ਇਸ ਦੌਰਾਨ ਕਈ ਲੋਕਾਂ ਨੇ ਉਨ੍ਹਾਂ ਨੂੰ ਡਾਂਟਿਆ ਵੀ, ਪਰ ਉਹ ਆਪਣੇ ਪੁੱਤਰ ਦੀ ਭਾਲ ਵਿੱਚ ਡਟੇ ਰਹੇ।

ਆਖ਼ਿਰ ਤੜਕੇ ਇੱਕ ਅਣਜਾਣ ਵਿਅਕਤੀ ਕੋਲ ਸੁੱਤੇ ਦੋ ਬੱਚਿਆਂ ਵਿੱਚੋਂ ਇੱਕ ਉਨ੍ਹਾਂ ਦਾ ਪੁੱਤਰ ਨਿਕਲਿਆ। ਪਿਤਾ ਨੂੰ ਦੇਖਦੇ ਹੀ ਬੱਚਾ ਉਨ੍ਹਾਂ ਨਾਲ ਲਿਪਟ ਕੇ ਰੋ ਪਿਆ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article