Chandigarh News: ਚੰਡੀਗੜ੍ਹ ਤੋਂ ਬੇਹੱਦ ਮੰਦਭਾਗੀ ਅਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਲੋਕਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ ਜਦੋਂ ਕਲਾਗ੍ਰਾਮ ਲਾਈਟ ਪੁਆਇੰਟ ਨੇੜੇ ਪੈਟਰੋਲ ਪੰਪ ਨਾਲ ਲੱਗਦੇ ਜੰਗਲ ਏਰੀਏ ‘ਚ ਵਿਅਕਤੀ ਦੀ ਲਾਸ਼ ਮਿਲੀ। ਵਾਰਦਾਤ ਦਾ ਪਤਾ ਸ਼ਨੀਵਾਰ ਸਵੇਰ ਉਦੋਂ ਲੱਗਾ ਜਦੋਂ ਰਾਹਗੀਰ ਨੇ ਬੇਸੁੱਧ ਵਿਅਕਤੀ ਨੂੰ ਵੇਖ ਪੁਲਿਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਿਸ ਨੇ ਪਾਇਆ ਕਿ ਮ੍ਰਿਤਕ ਦੇ ਗਲੇ ’ਚ ਬੈਲਟ ਬੰਨ੍ਹੀ ਹੋਈ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਬੈਲਟ ਨਾਲ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਹੋਵੇਗਾ।
ਮ੍ਰਿਤਕ ਦੀ ਪਛਾਣ ਮੌਲੀ ਜਾਗਰਾਂ ਸਥਿਤ ਵਿਕਾਸ ਨਗਰ ਦੇ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ। ਐਤਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਮਨੀਮਾਜਰਾ ਥਾਣਾ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਵੇਰ 9.30 ਵਜੇ ਤੱਕ ਘਰ ਨਹੀਂ ਆਇਆ
ਸੂਤਰਾਂ ਦਾ ਦਾਅਵਾ ਹੈ ਕਿ ਪੁਲਿਸ ਨੇ ਦੋ ਸ਼ੱਕੀਆਂ ਤੋਂ ਪੁੱਛਗਿੱਛ ’ਚ ਜੁਟੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਸ਼ਿਕਾਇਤ ’ਚ ਮ੍ਰਿਤਕ ਦੇ ਭਰਾ ਆਨੰਦ ਕੁਮਾਰ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਕਲਾਗ੍ਰਾਮ ਸਾਹਮਣੇ ਰੋਡ ਵਾਲੇ ਜੰਗਲ ਦੇ ਪਿੱਛੇ ਪੀ. ਡਬਲਿਊ. ਡੀ. ’ਚ ਚੌਕੀਦਾਰ ਸੀ। ਸ਼ਨੀਵਾਰ ਸਵੇਰ 9.30 ਵਜੇ ਤੱਕ ਘਰ ਨਹੀਂ ਆਇਆ ਤਾਂ ਪਰਿਵਾਰ ਭਾਲ ਕਰਨ ਲੱਗਾ। ਇਸ ਦੌਰਾਨ ਕ੍ਰਿਸ਼ਨ ਦੀ ਪਤਨੀ ਨੂੰ ਫੋਨ ਆਇਆ ਅਤੇ ਉਸ ਨੂੰ ਜਲਦ ਜੰਗਲ ਕੋਲ ਆਉਣ ਲਈ ਕਿਹਾ। ਪਰਿਵਾਰ ਵਾਲੇ ਉੱਥੇ ਪਹੁੰਚੇ ਤਾਂ ਵੇਖਿਆ ਕਿ ਕ੍ਰਿਸ਼ਨ ਦੀ ਲਾਸ਼ ਜ਼ਮੀਨ ’ਤੇ ਪਈ ਸੀ ਤੇ ਗਲ਼ੇ ’ਚ ਬੈਲਟ ਬੰਨ੍ਹੀ ਹੋਈ ਸੀ।
ਉੱਥੇ ਹੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਅਤੇ ਸੀ. ਐੱਫ਼. ਐੱਸ. ਐੱਲ. ਦੀ ਟੀਮ ਨੇ ਵੀ ਮੌਕਾ ਦੀ ਜਾਂਚ ਕੀਤੀ। ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਨੇ ਹੁਣ ਤੱਕ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਦੋ ਸ਼ੱਕੀਆਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਕਾਤਲਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ। ਜੰਗਲ ਖੇਤਰ ’ਚ ਕੋਈ ਸੀ. ਸੀ. ਟੀ. ਵੀ. ਵੀ ਨਹੀਂ ਲੱਗਾ ਸੀ।
ਹੋਰ ਪੜ੍ਹੋ