ਦੁਬਈ, 4 ਮਾਰਚ
ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਮੰਗਲਵਾਰ ਨੂੰ ਇਥੇ ਚੈਂਪੀਅਨਜ਼ ਟਰਾਫੀ ਸੈਮੀਫਾਈਨਲ ਵਿੱਚ ਸਟੀਵ ਸਮਿਥ ਅਤੇ ਅਲੈਕਸ ਕੈਰੀ ਦੇ ਨੀਮ ਸੈਂਕੜਿਆਂ ਦੇ ਬਾਵਜੂਦ ਆਸਟਰੇਲੀਆ ਨੂੰ 264 ਦੌੜਾਂ ਦੇ ਰਤਾ ਆਸਾਨ ਸਕੋਰ ਉਤੇ ਆਲ ਆਊਟ ਕਰ ਦਿੱਤਾ।
ਆਸਟਰੇਲੀਆ ਦੇ ਕਪਤਾਨ ਸਮਿਥ (73 ਸਕੋਰ, 96 ਗੇਂਦਾਂ) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਇਸ ਦੇ ਬੱਲੇਬਾਜ਼ ਵਧੀਆ ਪਿੱਚ ਦਾ ਫਾਇਦਾ ਨਹੀਂ ਉਠਾ ਸਕੇ ਅਤੇ ਨਿਕੰਮੇ ਸ਼ਾਟਾਂ ਰਾਹੀਂ ਆਪਣੀਆਂ ਵਿਕਟਾਂ ਗੁਆਉਂਦੇ ਰਹੇ।
ਸਮਿਥ ਨੇ ਆਪਣੇ ਠਹਿਰਾਅ ਦੌਰਾਨ ਆਸਟਰੇਲੀਆਈ ਪਾਰੀ ਨੂੰ ਮਜ਼ਬੂਤੀ ਦਿੱਤੀ ਅਤੇ ਉਸ ਨੇ ਦੂਜੀ ਵਿਕਟ ਲਈ ਟ੍ਰੈਵਿਸ ਹੈੱਡ ਨਾਲ ਮਿਲ ਕੇ 52, ਤੀਜੀ ਵਿਕਟ ਲਈ ਮਾਰਨਸ ਲਾਬੂਸ਼ਾਨੇ ਨਾਲ ਮਿਲ ਕੇ 56 ਅਤੇ ਪੰਜਵੀਂ ਵਿਕਟ ਲਈ ਅਲੈਕਸ ਕੈਰੀ (61 ਸਕੋਰ, 57 ਗੇਂਦਾਂ) ਨਾਲ ਪੰਜਵੀਂ ਵਿਕਟ ਲਈ 54 ਦੌੜਾਂ ਜੋੜੀਆਂ। ਪਰ ਇਨ੍ਹਾਂ ਦੋਵਾਂ ਤੋਂ ਬਿਨਾਂ ਹੋਰ ਕੋਈ ਆਸਟਰੇਲੀਅਨ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ।
ਭਾਰਤ ਲਈ ਮੁਹੰਮਦ ਸ਼ਮੀ ਨੇ 10 ਓਵਰਾਂ ਵਿਚ 48 ਦੌੜਾਂ ਦੇ ਕੇ 3, ਵਰੁਣ ਚੱਕਰਵਰਤੀ ਨੇ 10 ਓਵਰਾਂ ਵਿਚ 49 ਦੌੜਾਂ ਦੇ ਕੇ 2, ਇਸੇ ਤਰ੍ਹਾਂ ਰਵਿੰਦਰ ਜਡੇਜਾ ਨੇ ਵੀ 8 ਓਵਰਾਂ ਵਿਚ 40 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ ਅਤੇ ਇਕ ਵਿਕਟ ਹਾਰਦਿਕ ਪਾਂਡਿਆ ਦੇ ਹਿੱਸੇ ਆਈ ਅਤੇ ਅਲੈਕਸ ਕੈਰੀ ਰਨ ਆਊਟ ਹੋਇਆ।
ਜਵਾਬ ਵਿਚ ਭਾਰਤ ਨੂੰ ਫਾਈਨਲ ਵਿਚ ਪੁੱਜਣ ਲਈ 50 ਓਵਰਾਂ ਵਿਚ 265 ਦੌੜਾਂ ਬਣਾਉਣ ਦਾ ਟੀਚਾ ਮਿਲਿਆ ਹੈ, ਜਿਹੜਾ ਭਾਰਤੀ ਬੱਲੇਬਾਜ਼ਾਂ ਲਈ ਕੋਈ ਔਖਾ ਕੰਮ ਨਹੀਂ ਜਾਪਦਾ। -ਪੀਟੀਆਈ