Canada ਵੈਨਕੂਵਰ ’ਚ ਮੇਲਾ ਮਨਾਉਂਦੀ ਭੀੜ ਨੂੰ ਵਾਹਨ ਨੇ ਕੁਚਲਿਆ, ਕਈ ਮੌਤਾਂ ਤੇ ਦਰਜਨਾਂ ਜ਼ਖ਼ਮੀ

Must read


ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 27 ਅਪਰੈਲ

ਇਥੇ ਵੱਸਦੇ ਫਿਲੀਪੀਨੇ ਭਾਈਚਾਰੇ ਵਲੋਂ ਅੱਜ ਮਨਾਏ ਜਾ ਰਹੇ ਰਵਾਇਤੀ ਮੇਲੇ ਮੌਕੇ ਇਕੱਤਰ ਸੈਂਕੜੇ ਲੋਕਾਂ ਦੀ ਭੀੜ ਨੂੰ ਇੱਕ ਵਾਹਨ ਨੇ ਟੱਕਰ ਮਾਰੀ ਤੇ ਦੂਰ ਤੱਕ ਕੁਚਲਦਾ ਗਿਆ। ਇਸ ਹਾਦਸੇ ਵਿਚ ਕਈ ਲੋਕ ਮਾਰੇ ਗਏ ਤੇ ਦਰਜਨਾਂ ਜ਼ਖ਼ਮੀ ਦੱਸੇ ਜਾਂਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਐਬੀ ਅਤੇ ਸ਼ਹਿਰ ਦੇ ਮੇਅਰ ਕੈਨ ਸਿਮ ਨੇ ਇਸ ਮੰਦਭਾਗੀ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਘਟਨਾ ਤੋਂ ਬਾਅਦ ਪੁਲੀਸ ਤੇ ਬਚਾਅ ਦਲ ਨੇੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਦੱਸਿਆ ਗਿਆ ਹੈ ਕਿ ਘਟਨਾ ਤੋਂ ਦੋ ਘੰਟੇ ਬਾਅਦ ਤੱਕ ਵੀ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਨਹੀਂ ਸੀ ਪਹੁੰਚਾਇਆ ਜਾ ਸਕਿਆ ਤੇ ਨਾ ਹੀ ਮਾਰੇ ਗਏ ਲੋਕਾਂ ਦੀ ਗਿਣਤੀ ਹੋ ਸਕੀ ਸੀ।

 

 

ਘਟਨਾ ਰਾਤ 8 ਵਜੇ ਵੈਨਕੂਵਰ ਦੇ ਪੂਰਬੀ-ਦੱਖਣੀ ਖੇਤਰ ਦੀ ਫਰੇਜ਼ਰ ਸਟਰੀਟ ਅਤੇ 41 ਐਵੇਨਿਊ ਕੋਲ ਵਾਪਰੀ। ਫਿਲਪੀਨੇ ਭਾਈਚਾਰੇ ਦੇ ਲੋਕਾਂ ਵਿੱਚ ਉਨ੍ਹਾਂ ਦੀ ਭਾਸ਼ਾ ’ਚ ਇਸ ਤਿਓਹਾਰ ਨੂੰ ਲਾਪੂ ਲਾਪੂ ਦਿਨ ਵਜੋਂ ਜਾਣਿਆ ਜਾਂਦਾ। ਸੱਭਿਅਤਾ ਨਾਲ ਜੁੜਿਆ ਇਹ ਤਿਉਹਾਰ ਕਾਫੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ।

ਘਟਨਾ ਤੋਂ ਬਾਅਦ ਪੁਲੀਸ ਨੇ ਵਾਹਨ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਚਸ਼ਮਦੀਦਾਂ ਅਨੁਸਾਰ ਦੁਖਦਾਈ ਘਟਨਾ ਇੱਕ ਫੂਡ ਟਰੱਕ ਕੋਲ ਵਾਪਰੀ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਕਤਾਰਾਂ ਬੰਨ੍ਹ ਕੇ ਖਾਣ ਪੀਣ ਦਾ ਸਮਾਨ ਲੈਣ ਲਈ ਖੜ੍ਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ’ਤੇ ਦੂਰ ਤੱਕ ਡਿੱਗੇ ਹੋਏ ਲੋਕ ਵੇਖੇ ਗਏ, ਜਿਨ੍ਹਾਂ ’ਚੋਂ ਕੁਝ ਜ਼ਖ਼ਮੀ ਤੇ ਕੁਝ ਦੀ ਮੌਤ ਹੋ ਚੁੱਕੀ ਸੀ।

ਐਨਡੀਪੀ ਪਾਰਟੀ ਪ੍ਰਧਾਨ ਜਗਮੀਤ ਸਿੰਘ ਮੇਲੇ ਵਿਚ ਕਾਫੀ ਦੇਰ ਤੱਕ ਸ਼ਾਮਲ ਰਹੇ ਤੇ ਘਟਨਾ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉੱਥੋਂ ਗਏ ਸਨ। ਉਨ੍ਹਾਂ ਕਿਹਾ ਕਿ ਘਟਨਾ ਬਾਰੇ ਸੁਣ ਕੇ ਉਹ ਸੁੰਨ ਹੋ ਗਏ।

ਜਾਣਕਾਰੀ ਅਨੁਸਾਰ 43 ਐਵੇਨਿਊ ਵਲੋਂ ਆਏ ਵਾਹਨ ਨੇ ਤੇਜ਼ੀ ਨਾਲ ਮੇਲੇ ਦੀ ਭੀੜ ਵਾਲੇ ਪਾਸੇ ਮੋੜ ਕੱਟਿਆ ਤੇ ਤੇਜ਼ ਰਫਤਾਰ ਨਾਲ ਲੋਕਾਂ ਨੂੰ ਕੁਚਲਦਾ ਹੋਇਆ ਦੂਰ ਤੱਕ ਚਲਦਾ ਗਿਆ। ਮਗਰੋਂ ਪੁਲੀਸ ਵੱਲੋਂ ਕਾਬੂ ਕੀਤੇ ਜਾਣ ਮੌਕੇ ਡਰਾਈਵਰ ਵਾਰ ਵਾਰ ਮੁਆਫ਼ੀ ਮੰਗਦਾ ਰਿਹਾ ਤੇ ਉਸ ਦਾ ਵਤੀਰਾ ਕਿਸੇ ਮਾਨਸਿਕ ਰੋਗੀ ਵਰਗਾ ਨਜ਼ਰ ਆਉਂਦਾ ਸੀ। ਫੂਡ ਟਰੱਕ ਦੇ ਮਾਲਕ ਵਰਦੇਹ ਨੇ ਕਿਹਾ ਕਿ ਉਸ ਦੇ ਕੰਨਾਂ ਵਿੱਚ ਤੇਜ਼ ਰਫਤਾਰ ਟਰੱਕ ਦੇ ਇੰਜਣ ਦੀ ਆਵਾਜ਼ ਅਜੇ ਵੀ ਗੂੰਜ ਰਹੀ ਹੈ। ਆਸ ਪਾਸ ਦੇ ਲੋਕਾਂ ਨੇ ਖਦਸ਼ਾ ਪ੍ਰਗਟਾਇਆ ਕਿ ਜਿਵੇਂ ਇਸ ਪੂਰੀ ਘਟਨਾ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ ਹੈ। ਪੁਲੀਸ ਨੂੰ ਫੋਨ ਕਰਨ ’ਤੇ ਜਵਾਬ ਮਿਲਿਆ ਕਿ ਜ਼ਖ਼ਮੀਆਂ ਦੀ ਸੰਭਾਲ ਤੋਂ ਬਾਅਦ ਤੜਕਸਾਰ ਪ੍ਰੈੱਸ ਕਾਨਫਰੰਸ ਕਰਕੇ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

 





News Source link

- Advertisement -

More articles

- Advertisement -

Latest article