Punjabi Woman Arrested : ਕੈਨੇਡਾ ਵਿੱਚ ਪਹਿਲੀ ਵਾਰ ਪੰਜਾਬੀ ਮੂਲ ਦੀ ਇੱਕ ਮਹਿਲਾ ਨੂੰ ਫਿਰੌਤੀ (Extortion) ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਕੈਲਗਰੀ ਪੁਲਿਸ ਨੇ ਉਸ ਨੂੰ ਹੁਣ ਰਿਹਾਅ ਕਰ ਦਿੱਤਾ ਹੈ। ਉਸ ਨੂੰ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੁਲਿਸ ਦਾ ਆਰੋਪ ਹੈ ਕਿ ਪੰਜਾਬੀ ਮੂਲ ਦੀ ਕਨੁਪ੍ਰੀਤ ਕੌਰ ਨੇ ਹੀ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਪੀੜਤ ਮਹਿਲਾ ਦੇ ਘਰ ਦਾ ਪਤਾ ਅਤੇ ਉਸ ਦੀ ਪਛਾਣ ਬਾਰੇ ਜਾਣਕਾਰੀ ਦਿੱਤੀ ਸੀ।
ਕੈਲਗਰੀ ਪੁਲਿਸ ਮੁਤਾਬਕ ਫਿਰੌਤੀ ਦੇ ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਦੋ ਬਾਲਗਾਂ ਅਤੇ ਇੱਕ ਨਾਬਾਲਗ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ 25 ਮਾਰਚ ਨੂੰ ਪੀੜਤ ਮਹਿਲਾ ਦੇ ਵਟਸਐਪ ’ਤੇ ਇੱਕ ਅਣਜਾਣ ਨੰਬਰ ਤੋਂ ਧਮਕੀ ਭਰਿਆ ਮੈਸੇਜ ਆਇਆ ਸੀ।
ਪੁਲਿਸ ਮੁਤਾਬਕ ਮਹਿਲਾ ਤੋਂ ਵੱਡੀ ਰਕਮ ਦੀ ਮੰਗ ਕੀਤੀ ਗਈ ਸੀ। ਹਾਲਾਂਕਿ, ਕਿੰਨੀ ਰਕਮ ਮੰਗੀ ਗਈ ਸੀ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਮੁਲਜ਼ਮਾਂ ਕੋਲ ਮਹਿਲਾ ਦਾ ਨਾਮ, ਘਰ ਦਾ ਪਤਾ, ਕਾਰੋਬਾਰ ਅਤੇ ਪਰਿਵਾਰ ਨਾਲ ਜੁੜੀ ਨਿੱਜੀ ਜਾਣਕਾਰੀ ਪਹਿਲਾਂ ਤੋਂ ਮੌਜੂਦ ਸੀ। ਧਮਕੀ ਮਿਲਣ ਤੋਂ ਕਰੀਬ 12 ਘੰਟਿਆਂ ਬਾਅਦ ਬਦਮਾਸ਼ਾਂ ਨੇ ਮਹਿਲਾ ਦੇ ਘਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
4 ਮਹੀਨਿਆਂ ਵਿੱਚ ਫਿਰੌਤੀ ਦੇ 51 ਕੇਸ ਦਰਜ
ਸਥਾਨਕ ਪੁਲਿਸ (CPS) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ 2025 ਤੋਂ ਹੁਣ ਤੱਕ ਸ਼ਹਿਰ ਵਿੱਚ ਫਿਰੌਤੀ ਦੇ 51 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 19 ਮਾਮਲੇ ਸਿੱਧੇ ਤੌਰ ’ਤੇ ਗੋਲੀਬਾਰੀ ਨਾਲ ਜੁੜੇ ਹੋਏ ਹਨ। ਪੁਲਿਸ ਹੁਣ ਤੱਕ ਇਨ੍ਹਾਂ ਮਾਮਲਿਆਂ ਵਿੱਚ 19 ਮੁਲਜ਼ਮਾਂ ਖ਼ਿਲਾਫ਼ 59 ਵੱਖ-ਵੱਖ ਦੋਸ਼ ਲਗਾ ਚੁੱਕੀ ਹੈ। ਸਥਾਨਕ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਫਿਰੌਤੀ ਨਾਲ ਸਬੰਧਤ ਕੋਈ ਕਾਲ ਜਾਂ ਮੈਸੇਜ ਆਉਂਦਾ ਹੈ ਤਾਂ ਘਬਰਾ ਕੇ ਪੈਸੇ ਨਾ ਦੇਣ ਅਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ।
ਘਰ ’ਤੇ ਚਲਵਾਈਆਂ ਸਨ ਅੰਨ੍ਹੇਵਾਹ ਗੋਲੀਆਂ
ਪੁਲਿਸ ਅਨੁਸਾਰ ਇਸ ਮਾਮਲੇ ਦੀ ਜਾਂਚ 25 ਮਾਰਚ ਨੂੰ ਸ਼ੁਰੂ ਹੋਈ ਸੀ, ਜਦੋਂ ਪੀੜਤ ਮਹਿਲਾ ਨੂੰ ਇੱਕ ਅਣਜਾਣ ਨੰਬਰ ਤੋਂ ਪੈਸੇ ਮੰਗਣ ਵਾਲੇ ਵਟਸਐਪ ਟੈਕਸਟ ਅਤੇ ਵੌਇਸ ਮੈਸੇਜ ਮਿਲਣੇ ਸ਼ੁਰੂ ਹੋਏ। ਮੁਲਜ਼ਮ ਨੇ ਮਹਿਲਾ ਨਾਲ ਲਗਾਤਾਰ ਸੰਪਰਕ ਕਰਕੇ ਉਸ ਨੂੰ ਜਾਨੋਂ ਮਾਰਨ ਦੀਆਂ ਸਿੱਧੀਆਂ ਧਮਕੀਆਂ ਦਿੱਤੀਆਂ। ਮੈਸੇਜ ਭੇਜੇ ਜਾਣ ਤੋਂ ਸਿਰਫ਼ 12 ਘੰਟਿਆਂ ਦੇ ਅੰਦਰ ਬਦਮਾਸ਼ਾਂ ਨੇ ਮਹਿਲਾ ਦੇ ਘਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਗੱਡੀ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਹਾਲਾਂਕਿ ਇਸ ਗੋਲੀਬਾਰੀ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ।
ਕਨੁਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਰਿਹਾਅ ਕੀਤਾ
ਚੈਸਟਰਮੀਅਰ ਦੀ ਰਹਿਣ ਵਾਲੀ ਕਨੁਪ੍ਰੀਤ ਕੌਰ ਨੂੰ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ’ਤੇ ਪੀੜਤ ਮਹਿਲਾ ਦੀ ਨਿੱਜੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਆਰੋਪ ਹੈ, ਜਿਸ ਨਾਲ ਹੋਰ ਸ਼ੱਕੀਆਂ ਨੂੰ ਪੀੜਤ ਮਹਿਲਾ ਅਤੇ ਉਸ ਦੇ ਪਰਿਵਾਰ ਨੂੰ ਡਰਾਉਣ ਵਿੱਚ ਮਦਦ ਮਿਲੀ। ਉਸ ਨੂੰ ਵੀ ਫਿਲਹਾਲ ਰਿਹਾਅ ਕਰ ਦਿੱਤਾ ਗਿਆ ਹੈ ਅਤੇ 6 ਅਕਤੂਬਰ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੋਵੇਗਾ।
ਤਨਵੀਰ ਸਿੰਘ ਖ਼ਿਲਾਫ਼ ਵਾਰੰਟ ਜਾਰੀ
ਪੁਲਿਸ ਨੂੰ ਕੈਲਗਰੀ ਵਾਸੀ ਤਨਵੀਰ ਸਿੰਘ ਦੀ ਭਾਲ ਹੈ। ਉਸ ’ਤੇ 5,000 ਡਾਲਰ ਤੋਂ ਵੱਧ ਕੀਮਤ ਦੀ ਚੋਰੀ ਦੀ ਗੱਡੀ ਰੱਖਣ ਦੇ ਦੋਸ਼ ਹੇਠ ਵਾਰੰਟ ਜਾਰੀ ਕੀਤਾ ਗਿਆ ਹੈ। ਇਸੇ ਗੱਡੀ ਦੀ ਵਰਤੋਂ ਗੋਲੀਬਾਰੀ ਦੌਰਾਨ ਕੀਤੀ ਗਈ ਸੀ। ਤਨਵੀਰ ਦਾ ਕੱਦ 5 ਫੁੱਟ 8 ਇੰਚ, ਭਾਰ 130 ਪੌਂਡ, ਵਾਲ ਕਾਲੇ ਅਤੇ ਅੱਖਾਂ ਭੂਰੀਆਂ ਹਨ।