Bathinda Murder Case : ਬਠਿੰਡਾ ਜ਼ਿਲ੍ਹੇ ਦੇ ਪਿੰਡ ਢਿੱਖ ਵਿੱਚ ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਭਿਆਨਕ ਵਿਵਾਦ ਦੌਰਾਨ ਚਾਚੇ ਨੇ ਆਪਣੇ 24 ਸਾਲਾ ਭਤੀਜੇ ਆਕਾਸ਼ਦੀਪ ਸਿੰਘ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ। ਸ਼ੁੱਕਰਵਾਰ ਸਵੇਰੇ ਵਾਪਰੀ ਇਸ ਘਟਨਾ ਵਿੱਚ ਪੁੱਤਰ ਨੂੰ ਬਚਾਉਣ ਲਈ ਅੱਗੇ ਆਏ ਉਸਦੇ ਪਿਤਾ ਹਰਮੰਦਰ ਸਿੰਘ ‘ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਿੰਡ ਢਿੱਖ ਦੇ ਰਹਿਣ ਵਾਲੇ ਹਰਮੰਦਰ ਸਿੰਘ ਅਤੇ ਉਨ੍ਹਾਂ ਦੇ ਭਰਾ ਕੁਲਵੰਤ ਸਿੰਘ ਵਿਚਕਾਰ ਕਾਫ਼ੀ ਸਮੇਂ ਤੋਂ ਜ਼ਮੀਨ ਦੀ ਵੰਡ ਅਤੇ ਖੇਤਾਂ ਵਿੱਚ ਮੋਟਰ ਦੇ ਪਾਣੀ ਦੀ ਵਾਰੀ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ। ਇਸ ਪਰਿਵਾਰਕ ਵਿਵਾਦ ਨੂੰ ਸੁਲਝਾਉਣ ਲਈ ਪੰਚਾਇਤ ਪੱਧਰ ‘ਤੇ ਵੀ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਦੋਵੇਂ ਧਿਰਾਂ ਵਿਚਕਾਰ ਤਣਾਅ ਲਗਾਤਾਰ ਬਣਿਆ ਰਿਹਾ।
ਰਾਡ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਡੀਐਸਪੀ ਮੌੜ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਜਦੋਂ ਸਿੰਚਾਈ ਦੇ ਪਾਣੀ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋਈਆਂ ਤਾਂ ਵਿਵਾਦ ਵਧ ਗਿਆ। ਇਸ ਦੌਰਾਨ ਆਕਾਸ਼ਦੀਪ ਸਿੰਘ ‘ਤੇ ਲੋਹੇ ਦੀ ਰਾਡ, ਅਤੇ ਹੋਰ ਖੇਤੀਬਾੜੀ ਦੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਗੰਭੀਰ ਜ਼ਖ਼ਮੀ ਆਕਾਸ਼ਦੀਪ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਪੁਲਿਸ ਨੇ ਪੀੜਤ ਪਿਤਾ ਹਰਮੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ ਕਰਕੇ ਮੁੱਖ ਮੁਲਜ਼ਮ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਵਿੱਚ ਦੋ ਹੋਰ ਨਾਮਜ਼ਦ ਮੁਲਜ਼ਮ ਅਜੇ ਵੀ ਫਰਾਰ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।