ਹਰਿਆਣਾ ਦੇ ਸਿਰਸਾ ਵਿੱਚ ASI ਅਤੇ ਦੋ ਨੌਜਵਾਨਾਂ ਵਿਚਕਾਰ ਝੜਪ ਹੋ ਗਈ। ਇਸ ਦੌਰਾਨ ASI ਦੇ ਨਾਲ ਮੌਜੂਦ ਇੱਕ ਹੋਰ ਪੁਲਿਸਕਰਮੀ ਨੇ ਆਪਣੀ ਕਾਰ ਵਿਚੋਂ ਜੈਕ ਕੱਢ ਕੇ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ। ਉਸ ਨੇ ਨੌਜਵਾਨਾਂ ਦੇ ਸਿਰ ਅਤੇ ਹੱਥ-ਪੈਰਾਂ ‘ਤੇ ਜੈਕ ਨਾਲ ਕਈ ਵਾਰ ਵਾਰ ਕੀਤੇ। ਇਸ ਘਟਨਾ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਏਬੀਪੀ ਸਾਂਝਾ ਇਸ ਵਾਇਰਲ ਹੋ ਰਹੀ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਵੀਡੀਓ ਵਿੱਚ ASI ਵਰਦੀ ਵਿੱਚ ਨਜ਼ਰ ਆ ਰਿਹਾ ਹੈ, ਜਦਕਿ ਉਸ ਦਾ ਸਾਥੀ ਪੁਲਿਸਕਰਮੀ ਸਿਵਲ ਡਰੈੱਸ ਵਿੱਚ ਦਿਖਾਈ ਦੇ ਰਿਹਾ ਹੈ। ASI ਜਿਵੇਂ ਹੀ ਨੌਜਵਾਨਾਂ ਨੂੰ ਧਮਕਾਉਂਦਾ ਹੈ, ਤੁਰੰਤ ਬਾਅਦ ਦੂਜਾ ਪੁਲਿਸਵਾਲਾ ਇੱਕ ਨੌਜਵਾਨ ਦੇ ਸਿਰ ‘ਤੇ ਹਮਲਾ ਕਰ ਦਿੰਦਾ ਹੈ। ਆਸ-ਪਾਸ ਕੁਝ ਲੋਕ ਵੀ ਖੜ੍ਹੇ ਦਿਖਾਈ ਦਿੰਦੇ ਹਨ, ਜੋ ਪੁਲਿਸਕਰਮੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਇਹ ਘਟਨਾ ਰਾਨੀਆਂ ਖੇਤਰ ਦੇ ਸਾਦੇਵਾਲਾ–ਗਿੰਦੜ ਰੋਡ ‘ਤੇ ਵਾਪਰੀ। ASI ਨੇ ਨੌਜਵਾਨਾਂ ਖ਼ਿਲਾਫ ਡਿਊਟੀ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਵਾਇਆ ਹੈ, ਜਦਕਿ ਨੌਜਵਾਨਾਂ ਵੱਲੋਂ ਵੀ ਪੁਲਿਸਕਰਮੀਆਂ ‘ਤੇ ਕੁੱਟਮਾਰ ਕਰਨ ਦੇ ਆਰੋਪ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪੁਲਿਸਕਰਮੀਆਂ ਦੀ ਤਾਇਨਾਤੀ ਡੱਬਵਾਲੀ ਵਿੱਚ ਸਾਇਬਰ ਕ੍ਰਾਈਮ ਯੂਨਿਟ ਵਿੱਚ ਹੈ। ਦੋਵੇਂ ਸਿਰਸਾ ਦੇ ਰਹਿਣ ਵਾਲੇ ਹਨ। ਸੋਮਵਾਰ ਰਾਤ ASI ਰਵਿੰਦਰ ਕੁਮਾਰ ਅਤੇ SOP ਮਹਾਵੀਰ ਸਿੰਘ ਹੋਂਡਾ ਸਿਟੀ ਕਾਰ ਵਿੱਚ ਸਵਾਰ ਹੋ ਕੇ ਪਿੰਡ ਢੁੱਡੀਆਂਵਾਲੀ ਵੱਲ ਜਾ ਰਹੇ ਸਨ। ਇਸ ਦੌਰਾਨ ਰਾਹ ਵਿੱਚ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਦੋ ਨੌਜਵਾਨਾਂ ਨਾਲ ਝਗੜਾ ਹੋ ਗਿਆ। ASI ਦਾ ਕਹਿਣਾ ਹੈ ਕਿ ਰਸਤੇ ਵਿੱਚ ਨੌਜਵਾਨਾਂ ਨੇ ਆਪਣੀ ਬਿਨਾਂ ਨੰਬਰ ਵਾਲੀ ਬਰੇਜ਼ਾ ਗੱਡੀ ਉਨ੍ਹਾਂ ਦੀ ਕਾਰ ਦੇ ਅੱਗੇ ਲਾ ਦਿੱਤੀ ਸੀ।
ASI ਨੇ ਕਿਹਾ – ਵਰਦੀ ਪਾੜੀ ਗਈ
ASI ਦੇ ਮੁਤਾਬਕ ਨੌਜਵਾਨ ਸਤੀਸ਼ ਝਾਝੜੀਆ ਅਤੇ ਉਸ ਦੇ ਸਾਥੀ ਨੇ ਗੱਡੀ ਤੋਂ ਉਤਰਦੇ ਹੀ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਵਰਦੀ ਪਾੜ ਦਿੱਤੀ। ਇਸ ਤੋਂ ਬਾਅਦ ਦੋਵੇਂ ਉਥੋਂ ਭੱਜ ਗਏ। ਭੱਜਦੇ ਸਮੇਂ ਇੱਕ ਹਮਲਾਵਰ ਦਾ ਮੋਬਾਈਲ ਵੀ ਮੌਕੇ ‘ਤੇ ਡਿੱਗ ਗਿਆ। ਦੂਜੇ ਪਾਸੇ, ਸਤੀਸ਼ ਝਾਝੜੀਆ ਦਾ ਕਹਿਣਾ ਹੈ ਕਿ ਉਹਨਾਂ ਨੇ ਨਵੀਂ ਗੱਡੀ ਖਰੀਦੀ ਸੀ ਅਤੇ ASI ਉਸ ਦੀ ਗੱਡੀ ਦੇ ਅੱਗੇ ਰੁਕ ਰਹੇ ਸਨ।
ਨੌਜਵਾਨ ਨੇ ਕਿਹਾ – ਪੁਲਿਸਵਾਲੇ ਨਸ਼ੇ ਵਿੱਚ ਸਨ
ਸਤੀਸ਼ ਨੇ ਦੱਸਿਆ ਕਿ ਪੁਲਿਸਵਾਲੇ ਆਪਣੀ ਕਾਰ ਕਦੇ ਅੱਗੇ ਕਦੇ ਪਿੱਛੇ ਲਾ ਦਿੰਦੇ ਸਨ। ਉਹਨਾਂ ਨੇ ਕਈ ਵਾਰੀ ਇਹ ਕੀਤਾ। ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਹਨਾਂ ਉੱਤੇ ਜੈਕ ਨਾਲ ਹਮਲਾ ਕਰ ਦਿੱਤਾ। ਦੋਵੇਂ ਪੁਲਿਸਕਰਮੀ ਉਸ ਸਮੇਂ ਨਸ਼ੇ ਵਿੱਚ ਧੁੱਤ ਸਨ।
SP ਨੇ ਕਿਹਾ – ਦੋਵੇਂ ਪੁਲਿਸਕਰਮੀ ਡੱਬਵਾਲੀ ਵਿੱਚ ਤਾਇਨਾਤ
ਡੱਬਵਾਲੀ SP ਨਿਕਿਤਾ ਖੱਟਰ ਦਾ ਕਹਿਣਾ ਹੈ ਕਿ ਵੀਡੀਓ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ। ਇਸ ਮਾਮਲੇ ਵਿੱਚ ਸਿਰਸਾ ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਵੀਡੀਓ ਦੀ ਜਾਂਚ ਕਰਵਾਈ ਜਾਵੇਗੀ। ਦੋਵੇਂ ਮੁਲਾਜ਼ਿਮ ਡੱਬਵਾਲੀ ਵਿੱਚ ਪੋਸਟ ਕੀਤੇ ਗਏ ਹਨ। ਘਟਨਾ ਦੇ ਸਮੇਂ ਉਹ ਆਪਣੇ ਘਰ ਸਿਰਸਾ ਜਾ ਰਹੇ ਸਨ।
ਪੁਲਿਸਕਰਮੀ ਹਸਪਤਾਲ ਵਿੱਚ ਦਾਖ਼ਲ
ਮਾਮਲੇ ਵਿੱਚ ਰਾਨੀਆਂ ਥਾਣਾ ਪ੍ਰਭਾਰੀ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸਕਰਮੀ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਉਨ੍ਹਾਂ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਨੌਜਵਾਨਾਂ ਵੱਲੋਂ ਵੀ ਸ਼ਿਕਾਇਤ ਮਿਲੀ ਹੈ, ਉਹਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਹੋਰ ਪੜ੍ਹੋ