Punjab News : ਅਮਲੋਹ ਦੀ ਦਾਣਾ ਮੰਡੀ ਦੀ ਹਕੀਕਤ ਨੇ ਪ੍ਰਸ਼ਾਸਨਕ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਕਣਕ ਦੇ ਸੀਜ਼ਨ ਦੇ ਚਰਮ ਸਮੇਂ ‘ਚ ਜਿੱਥੇ ਮੰਡੀਆਂ ‘ਚ ਚੁਸਤ ਪ੍ਰਬੰਧ ਹੋਣੇ ਚਾਹੀਦੇ ਸਨ, ਉੱਥੇ ਅਮਲੋਹ ਦੀ ਮੰਡੀ ਗੰਦੇ ਪਾਣੀ ਦੇ ਤਲਾਬ ‘ਚ ਤਬਦੀਲ ਹੋ ਚੁੱਕੀ ਹੈ। ਸੜਕਾਂ ‘ਤੇ ਖੜ੍ਹਾ ਗੰਦਾ ਪਾਣੀ ਅਤੇ ਹਰ ਪਾਸੇ ਫੈਲੀ ਗੰਦਗੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਕਈ ਗੁਣਾ ਵਧਾ ਦਿੱਤੀਆਂ ਹਨ।
ਸਵੇਰੇ ਕਿੰਨੀ ਦੇਰ ਤੱਕ ਸੈਰ ਕਰਨੀ ਚਾਹੀਦਾ ਹੈ?
ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਪੰਜ ਦਿਨਾਂ ਤੋਂ ਕਿਸਾਨ ਆਪਣੀ ਕਣਕ ਦੀ ਰਾਖੀ ਖੁਦ ਕਰ ਰਹੇ ਹਨ ਪਰ ਨਾ ਕੋਈ ਅਧਿਕਾਰੀ ਮੌਕੇ ‘ਤੇ ਪਹੁੰਚਿਆ ਅਤੇ ਨਾ ਹੀ ਕਿਸੇ ਨੇ ਪ੍ਰਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ। ਮੰਡੀ ਵਿੱਚ ਨਾ ਢੰਗ ਦੀ ਸਫਾਈ ਹੈ ਤੇ ਨਾ ਹੀ ਪਾਣੀ ਨਿਕਾਸ ਦਾ ਕੋਈ ਇੰਤਜ਼ਾਮ, ਜਿਸ ਕਾਰਨ ਕਣਕ ਦੀ ਫਸਲ ਨੁਕਸਾਨ ਦਾ ਸ਼ਿਕਾਰ ਹੋ ਰਹੀ ਹੈ।
ਪਿੰਡ ਖਨਿਆਣ ਦੇ ਕਿਸਾਨ ਹਰਮਨਜੋਤ ਸਿੰਘ ਅਤੇ ਭੜੀ ਪਨੈਚਾਂ ਦੇ ਕਿਸਾਨ ਬਲਵੰਤ ਸਿੰਘ ਨੇ ਰੋਸ ਭਰੇ ਲਹਿਜੇ ਨਾਲ ਕਿਹਾ ਕਿ ਮੰਡੀ ਦਾ ਬੁਰਾ ਹਾਲ ਹੈ। ਉਹਨਾਂ ਦੱਸਿਆ ਕਿ “ਕੋਈ ਵੀ ਅਧਿਕਾਰੀ ਗੇੜਾ ਮਾਰਨ ਤੱਕ ਨਹੀਂ ਆਇਆ। ਚਾਰੇ ਪਾਸੇ ਗੰਦਾ ਪਾਣੀ ਖੜ੍ਹਾ ਹੈ ਅਤੇ ਸਾਡੀ ਫਸਲ ਖਰਾਬ ਹੋ ਰਹੀ ਹੈ।” ਕਿਸਾਨਾਂ ਨੇ ਆਰੋਪ ਲਗਾਇਆ ਕਿ ਹਰ ਸਾਲ ਇਹੋ ਜਿਹੀ ਲਾਪਰਵਾਹੀ ਹੁੰਦੀ ਹੈ ਪਰ ਇਸ ਵਾਰ ਹਾਲਾਤ ਹੋਰ ਵੀ ਖ਼ਰਾਬ ਹਨ।
ਕਿਸਾਨਾਂ ਦੇ ਮੁਤਾਬਕ, ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਮੰਡੀਆਂ ‘ਚ ਵਧੀਆ ਪ੍ਰਬੰਧ ਕੀਤੇ ਗਏ ਹਨ, ਪਰ ਜਮੀਨੀ ਹਕੀਕਤ ਇਸਦਾ ਉਲਟ ਦਿਖਾ ਰਹੀ ਹੈ। ਜਿੱਥੇ ਕਿਸਾਨ ਆਪਣੀ ਮਿਹਨਤ ਦੀ ਕਮਾਈ ਨੂੰ ਬਚਾਉਣ ਲਈ ਦਿਨ-ਰਾਤ ਇੱਕ ਕਰ ਰਹੇ ਹਨ, ਉੱਥੇ ਪ੍ਰਸ਼ਾਸਨ ਦੀ ਨੀਂਦ ਨਹੀਂ ਖੁੱਲ ਰਹੀ।
ਦੂਜੇ ਪਾਸੇ ਜਦੋਂ ਐਸਡੀਐਮ ਚਰਨਜੋਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਸਲਾ ਹੁਣ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਜਲਦ ਹੀ ਸਬੰਧਤ ਅਧਿਕਾਰੀਆਂ ਨੂੰ ਕਹਿ ਕੇ ਇਸਦਾ ਹੱਲ ਕਰਵਾਇਆ ਜਾਵੇਗਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਪੰਜ ਦਿਨਾਂ ਤੋਂ ਮੰਡੀ ਦਾ ਇਹ ਹਾਲ ਸੀ ਤਾਂ ਪ੍ਰਸ਼ਾਸਨ ਕਿੱਥੇ ਸੀ? ਕੀ ਹਰ ਵਾਰ ਕਿਸਾਨਾਂ ਨੂੰ ਆਪਣੀ ਫਸਲ ਬਚਾਉਣ ਲਈ ਇਕੱਲਾ ਛੱਡ ਦਿੱਤਾ ਜਾਵੇਗਾ? ਇਹ ਘਟਨਾ ਇੱਕ ਵਾਰ ਫਿਰ ਸਾਬਤ ਕਰਦੀ ਹੈ ਕਿ ਜਮੀਨੀ ਪੱਧਰ ‘ਤੇ ਪ੍ਰਬੰਧਾਂ ਦੀ ਸੱਚਾਈ ਕੀ ਹੈ ਅਤੇ ਕਿਸਾਨਾਂ ਨੂੰ ਕਿੰਨੀ ਅਣਦੇਖੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੋਰ ਪੜ੍ਹੋ